ਪ੍ਰੇਮ ਢਿੱਲੋਂ ਦੇ ਦਿੱਲੀ ਸ਼ੋਅ ‘ਚ ਪ੍ਰਸ਼ੰਸਕ ਨਾਲ ਬਦਸਲੂਕੀ, ਵੀਡੀਓ ਵਾਇਰਲ
ਪੰਜਾਬੀ ਗਾਇਕ ਪ੍ਰੇਮ ਢਿੱਲੋਂ ਇੱਕ ਵਾਰ ਫਿਰ ਵਿਵਾਦਾਂ ’ਚ ਘਿਰ ਗਏ ਹਨ। ਹਾਲ ਹੀ ਵਿੱਚ ਦਿੱਲੀ ਵਿੱਚ ਹੋਏ ਲਾਈਵ ਕਨਸਰਟ ਦੌਰਾਨ ਉਨ੍ਹਾਂ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਗਾਇਕ ਸਟੇਜ ‘ਤੇ ਆਪਣਾ ਪਰਫਾਰਮੈਂਸ ਦੇ ਰਹੇ ਹੁੰਦੇ ਹਨ, ਤਾਂ ਇੱਕ ਨੌਜਵਾਨ ਪ੍ਰਸ਼ੰਸਕ ਉਨ੍ਹਾਂ ਨਾਲ ਫੋਟੋ ਖਿੱਚਵਾਉਣ ਦੀ ਨੀਅਤ ਨਾਲ ਸਟੇਜ ‘ਤੇ ਚੜ੍ਹ ਜਾਂਦਾ ਹੈ। ਪ੍ਰੇਮ ਢਿੱਲੋਂ ਉਸਨੂੰ ਪਿੱਛੇ ਹਟਾ ਦਿੰਦੇ ਹਨ ਤੇ ਤੁਰੰਤ ਆਪਣੀ ਸਕਿਓਰਿਟੀ ਟੀਮ ਨੂੰ ਅਗਾਹ ਕਰ ਦਿੰਦੇ ਹਨ, ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਧੱਕਾ ਮਾਰ ਕੇ ਸਟੇਜ ਤੋਂ ਹੇਠਾਂ ਸੁੱਟ ਦਿੱਤਾ ਜਾਂਦਾ ਹੈ।
ਇਸ ਘਟਨਾ ਦੌਰਾਨ ਗਾਇਕ ਦੇ ਸਾਥੀਆਂ ਅਤੇ ਪ੍ਰਸ਼ੰਸਕਾਂ ਵਿਚਕਾਰ ਬਹਿਸਬਾਜ਼ੀ ਵੀ ਹੋਈ, ਜਿਸ ਕਾਰਨ ਮਾਹੌਲ ਕੁਝ ਸਮੇਂ ਲਈ ਤਣਾਅਪੂਰਨ ਹੋ ਗਿਆ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰੇਮ ਢਿੱਲੋਂ ਦੀ ਆਲੋਚਨਾ ਵੀ ਹੋ ਰਹੀ ਹੈ, ਜਿੱਥੇ ਕਈ ਲੋਕ ਉਨ੍ਹਾਂ ਦੀ ਕਾਰਵਾਈ ਨੂੰ ਗਲਤ ਦੱਸ ਰਹੇ ਹਨ, ਜਦਕਿ ਕੁਝ ਉਨ੍ਹਾਂ ਦੀ ਸੁਰੱਖਿਆ ਨੂੰ ਜਾਇਜ਼ ਕਰਾਰ ਦੇ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਹਾਲੇ ਤੱਕ ਪ੍ਰੇਮ ਢਿੱਲੋਂ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ।