ਮਸ਼ਹੂਰ ਗਾਇਕਾ ਸ਼ਕੀਰਾ ਦੀ ਸਿਹਤ ਵਿਗੜੀ, ਹਸਪਤਾਲ ‘ਚ ਦਾਖਲ
ਕੋਲੰਬੀਆ ਦੀ ਮਸ਼ਹੂਰ ਗਾਇਕਾ ਅਤੇ ਗੀਤਕਾਰ ਸ਼ਕੀਰਾ ਦੀ ਤਬੀਅਤ ਅਚਾਨਕ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। 48 ਸਾਲਾ ਗਾਇਕਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੀ ਸਿਹਤ ਦੇ ਕਾਰਣ ਪੇਰੂ ‘ਚ ਹੋਣ ਵਾਲਾ ਸੰਗੀਤ ਸਮਾਰੋਹ ਵੀ ਰੱਦ ਕਰਨਾ ਪਿਆ।
ਢਿੱਡ (ਪੇਟ) ਦੀ ਸਮੱਸਿਆ ਕਾਰਨ ਐਮਰਜੈਂਸੀ ‘ਚ ਦਾਖਲ
ਐਤਵਾਰ ਨੂੰ ਸ਼ਕੀਰਾ ਨੇ ਆਪਣੇ ਐਕਸ ਹੈਂਡਲ ‘ਤੇ ਪੋਸਟ ਕਰਦਿਆਂ ਦੱਸਿਆ ਕਿ ਉਹ ਪੇਟ ਸੰਬੰਧੀ ਸਮੱਸਿਆਵਾਂ ਕਾਰਨ ਪੀੜਤ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਪਰਫਾਰਮ ਕਰਨ ਤੋਂ ਰੋਕ ਦਿੱਤਾ। ਸ਼ਕੀਰਾ ਨੇ ਲਿਖਿਆ,
“ਤੁਹਾਨੂੰ ਇਹ ਦੱਸਦੇ ਹੋਏ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਕੱਲ੍ਹ ਰਾਤ ਮੇਰੀ ਸਿਹਤ ਖ਼ਰਾਬ ਹੋਣ ਕਾਰਨ ਮੈਨੂੰ ਐਮਰਜੈਂਸੀ ‘ਚ ਹਸਪਤਾਲ ਜਾਣਾ ਪਿਆ। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਮੈਂ ਹਾਲੇ ਪਰਫਾਰਮ ਨਹੀਂ ਕਰ ਸਕਦੀ।”
ਸ਼ੋਅ ਰੱਦ ਹੋਣ ‘ਤੇ ਸ਼ਕੀਰਾ ਦੀ ਨਿਰਾਸ਼ਾ
ਸ਼ਕੀਰਾ ਨੇ ਪੇਰੂ ‘ਚ ਹੋਣ ਵਾਲੇ ਸ਼ੋਅ ਰੱਦ ਹੋਣ ‘ਤੇ ਅਫ਼ਸੋਸ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਬਹੁਤ ਉਤਸ਼ਾਹਿਤ ਸੀ ਕਿ ਆਪਣੇ ਸ਼ਾਨਦਾਰ ਪ੍ਰਸ਼ੰਸਕਾਂ ਨਾਲ ਮਿਲਾਂ, ਪਰ ਹੁਣ ਇਹ ਸੰਭਵ ਨਹੀਂ।”
ਅੱਜ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ
ਸ਼ਕੀਰਾ ਨੇ ਉਮੀਦ ਜਤਾਈ ਹੈ ਕਿ ਉਹ ਸੋਮਵਾਰ ਤੱਕ ਛੁੱਟੀ ਮਿਲਣ ‘ਤੇ ਸਟੇਜ ‘ਤੇ ਵਾਪਸ ਆ ਸਕੇਗੀ। ਉਨ੍ਹਾਂ ਦੀ ਟੀਮ ਕੰਸਰਟ ਦੀ ਨਵੀਂ ਤਰੀਕ ਨਿਰਧਾਰਤ ਕਰਨ ‘ਚ ਜੁਟੀ ਹੋਈ ਹੈ। ਸ਼ਕੀਰਾ ਨੇ ਆਪਣੇ ਪ੍ਰਸ਼ੰਸਕਾਂ ਦੀ ਸਮਝ ਅਤੇ ਪਿਆਰ ਲਈ ਧੰਨਵਾਦ ਵੀ ਕੀਤਾ।