ਸਰਹੱਦੀ ਪਿੰਡਾਂ ‘ਚ ਪਲਾਇਨ ਦੀ ਸ਼ੁਰੂਆਤ, ਲੋਕ ਸੁਰੱਖਿਅਤ ਥਾਵਾਂ ਵੱਲ ਰਵਾਨਾ
ਭਾਰਤ ਵੱਲੋਂ ਪਾਕਿਸਤਾਨ ਵਿਚ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਪੰਜਾਬ ਦੇ ਸਰਹੱਦੀ ਪਿੰਡਾਂ ‘ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਮੱਦੇਨਜ਼ਰ, ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਸਰਹੱਦੀ ਪਿੰਡਾਂ — ਜਿਵੇਂ ਕਿ ਹਜ਼ਾਰਾ ਸਿੰਘ ਵਾਲਾ, ਗੱਟੀ ਰਾਜੋ ਅਤੇ ਹੋਰ ਇਲਾਕਿਆਂ — ਦੇ ਵਾਸੀਆਂ ਨੇ ਆਪਣਾ ਸਮਾਨ ਇਕੱਠਾ ਕਰਕੇ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ।
ਲੋਕਾਂ ਵੱਲੋਂ ਸਮਝਦਾਰੀ ਨਾਲ ਲਿਆ ਗਿਆ ਫੈਸਲਾ
ਸਥਾਨਕ ਵਾਸੀਆਂ ਨੇ ਦੱਸਿਆ ਕਿ ਹਾਲਾਂਕਿ ਉਹ ਸਰਹੱਦ ‘ਤੇ ਰਹਿਣ ਦੇ ਆਦੀ ਹਨ ਅਤੇ ਹਿੰਮਤ ਨਾਲ ਭਰਪੂਰ ਹਨ, ਪਰ ਬੱਚਿਆਂ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਪਹਿਲ ਦੇਂਦੇ ਹੋਏ ਉਹ ਤਤਕਾਲ ਰੂਪ ਵਿੱਚ ਕੁਝ ਦਿਨਾਂ ਲਈ ਸਰਹੱਦ ਤੋਂ ਦੂਰ ਥਾਵਾਂ ਵੱਲ ਜਾ ਰਹੇ ਹਨ।
ਇੱਕ ਨਿਵਾਸੀ ਨੇ ਕਿਹਾ, “ਅਸੀਂ ਡਰਦੇ ਨਹੀਂ, ਪਰ ਬੱਚਿਆਂ ਦੀ ਸੁਰੱਖਿਆ ਲਾਜ਼ਮੀ ਹੈ। ਜਿਵੇਂ ਹੀ ਹਾਲਾਤ ਠੀਕ ਹੋਣਗੇ, ਅਸੀਂ ਵਾਪਸ ਆਪਣੇ ਘਰ ਆ ਜਾਵਾਂਗੇ।”
ਫੌਜ ‘ਤੇ ਭਰੋਸਾ, ਮੁਲਕ ਦੇ ਨਾਲ ਖੜੇ ਹਾ
ਪਿੰਡ ਵਾਸੀਆਂ ਨੇ ਕਿਹਾ ਕਿ ਉਹ ਭਾਰਤੀ ਫੌਜ ‘ਤੇ ਪੂਰਾ ਭਰੋਸਾ ਰੱਖਦੇ ਹਨ ਅਤੇ ਜੇ ਲੋੜ ਪਈ ਤਾਂ ਦੁਸ਼ਮਣ ਦੇ ਸਾਹਮਣੇ ਡੱਟ ਕੇ ਖੜਨ ਲਈ ਤਿਆਰ ਹਨ। ਉਨ੍ਹਾਂ ਨੇ ਸਰਕਾਰ ਅਤੇ ਫੌਜ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ।
ਸੁਰੱਖਿਆ ਪ੍ਰਬੰਧ ਹੋ ਰਹੇ ਵਧੇਰੇ ਸਖ਼ਤ
ਸੂਤਰਾਂ ਮੁਤਾਬਕ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਵੀ ਵਧਾਏ ਜਾ ਰਹੇ ਹਨ। ਪੁਲਿਸ ਅਤੇ ਫੌਜੀ ਅਧਿਕਾਰੀ ਇਲਾਕਿਆਂ ਦੀ ਨਿਗਰਾਨੀ ਕਰ ਰਹੇ ਹਨ, ਤਾਂ ਜੋ ਕਿਸੇ ਵੀ ਸੰਭਾਵਿਤ ਖ਼ਤਰੇ ਦਾ ਤੁਰੰਤ ਜਵਾਬ ਦਿੱਤਾ ਜਾ ਸਕੇ।