ਮਨੋਰੰਜਨ ਕਾਲੀਆ ਘਰ ਗ੍ਰੇਨੇਡ ਹਮਲਾ ਮਾਮਲਾ ਸੁਲਝਿਆ, 2 ਮੁਲਜ਼ਮ ਗ੍ਰਿਫ਼ਤਾਰ
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰੇਨੇਡ ਹਮਲੇ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਵਾਰਦਾਤ ‘ਚ ਵਰਤਿਆ ਗਿਆ ਈ-ਰਿਕਸ਼ਾ ਵੀ ਬਰਾਮਦ ਕਰ ਲਿਆ ਗਿਆ ਹੈ।
ਸੂਤਰਾਂ ਅਨੁਸਾਰ, ਗ੍ਰਿਫ਼ਤਾਰ ਮੁਲਜ਼ਮਾਂ ਦੇ ਤਾਰ ਮੁੰਬਈ ਦੇ ਬਾਬਾ ਸਿੱਦਕੀ ਕਤਲਕਾਂਡ ਨਾਲ ਜੁੜੇ ਹੋਏ ਹਨ। ਇਸ ਹਮਲੇ ਦੇ ਪਿੱਛੇ ਮਾਸਟਰਮਾਈਂਡ ਜੀਸ਼ਾਨ ਅਖ਼ਤਰ ਨੂੰ ਮੰਨਿਆ ਜਾ ਰਿਹਾ ਹੈ, ਜੋ ਕਿ ਨਕੋਦਰ (ਜਲੰਧਰ) ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ।
ਜੀਸ਼ਾਨ ਸਿੱਦਕੀ ਕਤਲ ਤੋਂ ਬਾਅਦ ਫ਼ਰਾਰ ਹੋ ਗਿਆ ਸੀ ਅਤੇ ਵਿਦੇਸ਼ ਚਲਾ ਗਿਆ। ਪੁਲਸ ਦੇ ਅਨੁਸਾਰ ਇਹ ਹਮਲਾ ISI ਵੱਲੋਂ ਪੰਜਾਬ ਦਾ ਭਾਈਚਾਰਾ ਵਿਗਾੜਣ ਦੀ ਕੋਸ਼ਿਸ਼ ਹੋ ਸਕਦੀ ਹੈ।
ਜੀਸ਼ਾਨ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਗੰਭੀਰ ਸੰਬੰਧ ਹਨ ਅਤੇ ਪੁਲਸ ਇਸ ਦੇ ਪਾਕਿਸਤਾਨੀ ਅੱਤਵਾਦੀਆਂ — ਰਿੰਦਾ ਅਤੇ ਹੈਪੀ ਪਾਸ਼ੀਆ ਨਾਲ ਸੰਬੰਧਾਂ ਦੀ ਵੀ ਜਾਂਚ ਕਰ ਰਹੀ ਹੈ।
ਪੁਲਸ ਹਮਲੇ ਨੂੰ ਸਰਹੱਦ ਪਾਰ ਤੋਂ ਕਰਵਾਈ ਗਈ ਸਾਜ਼ਿਸ਼ ਮੰਨ ਰਹੀ ਹੈ। ਜਲਦੀ ਹੀ ਸਿਨੀਅਰ ਅਧਿਕਾਰੀ ਇਸ ਮਾਮਲੇ ‘ਤੇ ਪ੍ਰੈੱਸ ਕਾਨਫ਼ਰੰਸ ਰਾਹੀਂ ਵੱਡੇ ਖੁਲਾਸੇ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਇਹ ਹਮਲਾ ਮੰਗਲਵਾਰ ਤਕਰੀਬਨ 1 ਵਜੇ ਰਾਤ ਹੋਇਆ ਸੀ, ਜਦੋਂ ਈ-ਰਿਕਸ਼ਾ ‘ਚ ਸਵਾਰ ਲੋਗ ਮਨੋਰੰਜਨ ਕਾਲੀਆ ਦੇ ਘਰ ਬਾਹਰ ਆ ਕੇ ਗ੍ਰੇਨੇਡ ਸੁੱਟ ਕੇ ਫਰਾਰ ਹੋ ਗਏ। ਮੌਕੇ ‘ਤੇ ਫੋਰੈਂਸਿਕ ਟੀਮਾਂ ਨੇ ਜਾਂਚ ਕਰਕੇ ਸੈਂਪਲ ਇਕੱਠੇ ਕੀਤੇ ਹਨ।