ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਧੀ ਦਾ ਨਾਂ ‘Hind’ ਰੱਖਿਆ, ਸੋਸ਼ਲ ਮੀਡੀਆ ‘ਤੇ ਚਰਚਾ
ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਅਲ ਮਕਤੂਮ ਦੇ ਘਰ ਧੀ ਨੇ ਜਨਮ ਲਿਆ, ਜਿਸ ਬਾਅਦ ਉਨ੍ਹਾਂ ਨੇ ਆਪਣੀ ਧੀ ਦਾ ਨਾਂ ‘ਹਿੰਦ’ ਰੱਖਣ ਦਾ ਫ਼ੈਸਲਾ ਕੀਤਾ। ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਮਾਂ ਦੇ ਨਾਮ ‘ਹਿੰਦ’ ਤੋਂ ਪ੍ਰੇਰਿਤ
ਮੀਡੀਆ ਰਿਪੋਰਟਾਂ ਮੁਤਾਬਕ, ਸ਼ੇਖ ਹਮਦਾਨ ਨੇ ਆਪਣੀ ਮਾਂ ਸ਼ੇਖਾ ਹਿੰਦ ਬਿਨਤ ਮਕਤੂਮ ਬਿਨ ਜੁਮਾ ਅਲ ਮਕਤੂਮ ਦੇ ਸਨਮਾਨ ‘ਚ ਆਪਣੀ ਧੀ ਦਾ ਨਾਂ ‘ਹਿੰਦ’ ਰੱਖਿਆ ਹੈ। ਉਹ 2008 ਤੋਂ ਦੁਬਈ ਦੇ ਕ੍ਰਾਊਨ ਪ੍ਰਿੰਸ ਹਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਵੀ ਹਨ।
ਸੋਸ਼ਲ ਮੀਡੀਆ ‘ਤੇ ਵਧ ਰਿਹਾ ਉਤਸ਼ਾਹ
ਸ਼ੇਖ ਹਮਦਾਨ ਆਪਣੇ @faz3 Instagram ਹੈਂਡਲ ਰਾਹੀਂ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਸਾਂਝੀਆਂ ਕਰਦੇ ਹਨ। ਉਨ੍ਹਾਂ ਦੇ Instagram ‘ਤੇ 17 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ, ਜਿਸ ਕਰਕੇ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
‘ਹਿੰਦ’ ਨਾਮ ਦੀ ਮਹੱਤਾ
‘ਹਿੰਦ’ ਸ਼ਬਦ ਸ਼ਕਤੀ ਅਤੇ ਵਿਰਾਸਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਇਹ ਖੁਸ਼ਹਾਲੀ ਅਤੇ ਧਨ-ਸੰਪੱਤੀ ਨਾਲ ਜੋੜਿਆ ਜਾਂਦਾ ਸੀ। ਅਰਬ ਦੇਸ਼ਾਂ, ਖ਼ਾਸਕਰ ਯੂ.ਏ.ਈ. ਵਿੱਚ, ਕੁੜੀਆਂ ਦਾ ਨਾਂ ‘ਹਿੰਦ’ ਰੱਖਣ ਦੀ ਪੁਰਾਣੀ ਪਰੰਪਰਾ ਰਹੀ ਹੈ।
ਇਸ ਤੋਂ ਪਹਿਲਾਂ ‘Hind City’ ਵੀ ਬਣੀ ਸੀ ਚਰਚਾ ਦਾ ਵਿਸ਼ਾ
ਕੁਝ ਸਮਾਂ ਪਹਿਲਾਂ ਯੂ.ਏ.ਈ. ਦੀ ਇੱਕ ਸ਼ਹਿਰ ਦਾ ਨਾਂ ‘Hind City’ ਰੱਖਿਆ ਗਿਆ ਸੀ। ਇਸ ਕਰਕੇ ਕੁਝ ਭਾਰਤੀ ਲੋਕਾਂ ਨੇ ਇਸ ਨਾਂ ਨੂੰ ‘ਹਿੰਦੁਸਤਾਨ’ ਨਾਲ ਜੋੜਿਆ। ਹਾਲਾਂਕਿ, ਅਰਬ ਦੇਸ਼ਾਂ ਵਿੱਚ ‘ਹਿੰਦ’ ਇੱਕ ਆਮ ਨਾਮ ਹੈ, ਜੋ ਸਦੀਆਂ ਤੋਂ ਇਸਲਾਮਿਕ ਸੰਸਕ੍ਰਿਤੀ ਵਿੱਚ ਵਰਤਿਆ ਜਾਂਦਾ ਆ ਰਿਹਾ ਹੈ।