DNA ਰਿਪੋਰਟ ਨਾਲ ਪੁਸ਼ਟੀ: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਗੁਜਰਾਤੀ ਫਿਲਮ ਨਿਰਮਾਤਾ ਮਹੇਸ਼ ਜੀਰਾਵਾਲਾ ਦੀ ਮੌਤ
12 ਜੂਨ ਨੂੰ ਅਹਿਮਦਾਬਾਦ ਵਿਖੇ ਹੋਏ ਭਿਆਨਕ ਜਹਾਜ਼ ਹਾਦਸੇ ਨੇ ਜਿੱਥੇ ਪੂਰੇ ਦੇਸ਼ ਨੂੰ ਸਦਮੇ ‘ਚ ਪਾ ਦਿੱਤਾ, ਓਥੇ ਹੀ ਹੁਣ ਇਸ ਹਾਦਸੇ ਸਬੰਧੀ ਇੱਕ ਹੋਰ ਦੁਖਦਾਈ ਖੁਲਾਸਾ ਸਾਹਮਣੇ ਆਇਆ ਹੈ। ਗੁਜਰਾਤੀ ਫਿਲਮ ਉਦਯੋਗ ਦੇ ਮਸ਼ਹੂਰ ਨਿਰਦੇਸ਼ਕ ਅਤੇ ਪ੍ਰੋਡਿਊਸਰ ਮਹੇਸ਼ ਕਲਾਵਾਡੀਆ ਉਰਫ਼ ਮਹੇਸ਼ ਜੀਰਾਵਾਲਾ ਦੀ ਇਸ ਹਾਦਸੇ ਵਿੱਚ ਮੌਤ ਦੀ ਪੁਸ਼ਟੀ DNA ਟੈਸਟ ਰਾਹੀਂ ਹੋ ਗਈ ਹੈ।
ਹਾਦਸੇ ਤੋਂ ਬਾਅਦ ਮਹੇਸ਼ ਜੀ ਲਾਪਤਾ ਸਨ ਅਤੇ ਉਨ੍ਹਾਂ ਦਾ ਮੋਬਾਈਲ ਫ਼ੋਨ ਹਾਦਸੇ ਵਾਲੀ ਥਾਂ ਦੇ ਨੇੜੇ ਆਖ਼ਰੀ ਵਾਰ ਐਕਟਿਵ ਮਿਲਿਆ ਸੀ। ਪਰਿਵਾਰ ਵੱਲੋਂ ਦਿੱਤੇ ਗਏ DNA ਸੈਂਪਲ ਦੇ ਆਧਾਰ ‘ਤੇ ਹੁਣ ਉਨ੍ਹਾਂ ਦੀ ਲਾਸ਼ ਦੀ ਪਛਾਣ ਹੋ ਚੁੱਕੀ ਹੈ।
ਮਹੇਸ਼ ਜੀ ਦੀ ਪਤਨੀ ਹੇਤਲ ਨੇ ਦੱਸਿਆ ਕਿ 12 ਜੂਨ ਨੂੰ ਉਹ ਦੁਪਹਿਰ 1:14 ਵਜੇ ਉਨ੍ਹਾਂ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਲਾਅ ਗਾਰਡਨ ਇਲਾਕੇ ‘ਚ ਕਿਸੇ ਨਾਲ ਮੁਲਾਕਾਤ ਕਰਕੇ ਘਰ ਵਾਪਸ ਆ ਰਹੇ ਹਨ। ਪਰ ਉਨ੍ਹਾਂ ਦੇ ਘਰ ਨਾ ਪਹੁੰਚਣ ਅਤੇ ਫੋਨ ਬੰਦ ਹੋਣ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਾਚ ਦੌਰਾਨ ਉਨ੍ਹਾਂ ਦੀ ਆਖ਼ਰੀ ਮੋਬਾਈਲ ਲੋਕੇਸ਼ਨ ਹਾਦਸੇ ਵਾਲੀ ਥਾਂ ਤੋਂ 700 ਮੀਟਰ ਦੂਰ ਮਿਲੀ।
ਪੁਸ਼ਟੀ ਹੋਣ ਤੋਂ ਬਾਅਦ, ਪਰਿਵਾਰ ਨੂੰ DNA ਰਿਪੋਰਟ ਦੇ ਨਾਲ-ਨਾਲ ਸਕੂਟਰ ਦਾ ਚੈਸਿਸ ਨੰਬਰ ਅਤੇ ਹੋਰ ਸਬੂਤ ਵੀ ਸੌਂਪੇ ਗਏ। ਇਸ ਖ਼ਬਰ ਨੇ ਨਾ ਸਿਰਫ਼ ਪਰਿਵਾਰ, ਬਲਕਿ ਪੂਰੀ ਗੁਜਰਾਤੀ ਫਿਲਮ ਇੰਡਸਟਰੀ ਨੂੰ ਵੀ ਝੰਝੋੜ ਕੇ ਰੱਖ ਦਿੱਤਾ ਹੈ।
ਮਹੇਸ਼ ਜੀਰਾਵਾਲਾ, ਜੋ ਕਿ “ਮਹੇਸ਼ ਜੀਰਾਵਾਲਾ ਪ੍ਰੋਡਕਸ਼ਨਜ਼” ਦੇ ਸੀਈਓ ਵੀ ਸਨ, ਨੇ ਗੁਜਰਾਤੀ ਸਿਨੇਮਾ ਨੂੰ ਕਈ ਯਾਦਗਾਰ ਫਿਲਮਾਂ ਦਿੱਤੀਆਂ। ਉਹ ਆਪਣੇ ਪਿੱਛੇ ਪਤਨੀ ਹੇਤਲ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।
ਸਰਕਾਰੀ ਅੰਕੜਿਆਂ ਮੁਤਾਬਕ, ਇਸ ਹਾਦਸੇ ਵਿੱਚ ਹੁਣ ਤੱਕ 231 ਲਾਸ਼ਾਂ ਦੀ DNA ਰਾਹੀਂ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 210 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਜਾ ਚੁੱਕੀਆਂ ਹਨ।