Jalandhar News: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਚੱਲ ਰਿਹਾ ਢਾਬਾ, ਮਾਸ ਤੇ ਸ਼ਰਾਬ ਪਰੋਸਣ ਤੇ ਨਿਹੰਗ ਸਿੰਘਾਂ ਵੱਲੋਂ ਰੋਸ ਪ੍ਰਗਟ
ਜਲੰਧਰ ਦੇ ਗੁਰੂ ਤੇਗ ਬਹਾਦੁਰ ਨਗਰ ’ਚ ਸਥਿਤ ਇੱਕ ਢਾਬੇ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਵੱਲੋਂ “ਨਾਨਕ ਸਰੂਪ” ਨਾਂ ਦੇ ਢਾਬੇ ’ਤੇ ਲੋਕਾਂ ਨੂੰ ਮਾਸ ਤੇ ਸ਼ਰਾਬ ਖਾਣ ਪੀਣ ਨੂੰ ਦਿੱਤਾ ਜਾ ਰਿਹਾ ਸੀ। ਇਸ ਗੱਲ ਦੀ ਜਾਣਕਾਰੀ ਜਦੋਂ ਨਿਹੰਗ ਸਿੰਘਾਂ ਨੂੰ ਮਿਲੀ ਤਾਂ ਉਹ ਤੁਰੰਤ ਢਾਬੇ ’ਤੇ ਪਹੁੰਚੇ ਅਤੇ ਉੱਥੇ ਹੰਗਾਮਾ ਸ਼ੁਰੂ ਹੋ ਗਿਆ।
ਨਿਹੰਗ ਸਿੰਘਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਮੈਂਬਰੋ ਚੌਂਕ ਦੇ ਕੋਲ ਇੱਕ ਔਰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਇਸਤਮਾਲ ਕਰਕੇ ਢਾਬਾ ਚਲਾਉਂਦੀ ਹੈ ਜਿਸ ਵਿੱਚ ਮਾਸ, ਮੱਛੀ, ਆਂਡੇ ਅਤੇ ਸ਼ਰਾਬ ਦਿੱਤੀ ਜਾ ਰਹੀ ਸੀ। ਜਦੋਂ ਨਿਹੰਗ ਸਿੰਘ ਢਾਬੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਢਾਬੇ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਬੋਰਡ ਲੱਗਾ ਦਿੱਸ ਰਿਹਾ ਸੀ।
ਜਦੋਂ ਢਾਬੇ ਦੀ ਮਾਲਕ ਔਰਤ ਨਾਲ ਇਸ ਗੱਲ ’ਤੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਕੋਈ ਵਾਜਬ ਜਵਾਬ ਨਹੀਂ ਦਿੱਤਾ। ਨਿਹੰਗ ਸਿੰਘਾਂ ਨੇ ਇਸ ਗੱਲ ’ਤੇ ਤਿੱਖਾ ਰੋਸ ਜਤਾਇਆ ਅਤੇ ਮਾਮਲੇ ਦੀ ਸਜ਼ਾ ਪ੍ਰਸ਼ਾਸਨ ਤੋਂ ਮੰਗੀ। ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਢਾਬੇ ਦੇ ਮਾਲਕਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਗਲਤ ਢੰਗ ਨਾਲ ਇਸਤਮਾਲ ਕੀਤਾ ਗਿਆ ਸੀ ਅਤੇ ਢਾਬੇ ਵਿੱਚ ਮਾਸ ਦਾ ਸੇਵਨ ਕਰਵਾਇਆ ਜਾ ਰਿਹਾ ਸੀ।
ਨਿਹੰਗ ਸਿੰਘਾਂ ਦੇ ਦਬਾਅ ਕਾਰਨ ਔਰਤ ਨੂੰ ਥਾਣੇ ਲਿਆਂਦਾ ਗਿਆ ਅਤੇ ਉਸ ਨਾਲ ਪੁਲਿਸ ਨੇ ਗੱਲਬਾਤ ਕੀਤੀ। ਨਿਹੰਗ ਸਿੰਘਾਂ ਨੇ ਔਰਤ ਨੂੰ ਕੜੀ ਚਿਤਾਵਨੀ ਦੇਣ ਤੋਂ ਬਾਅਦ ਮਾਫ ਕਰ ਦਿੱਤਾ।