CT College ਨਾਲ ਜੁੜੀ Viral Video ਬਾਰੇ ਡੀ.ਸੀ. ਨੇ ਦਿੱਤੀ ਸਫ਼ਾਈ
ਜਲੰਧਰ ਵਿੱਚ ਵੀਰਵਾਰ ਰਾਤ ਡਰੋਨ ਦੇਖੇ ਜਾਣ ਅਤੇ ਕੁਝ ਧਮਾਕਿਆਂ ਦੀਆਂ ਆਵਾਜ਼ਾਂ ਨੇ ਸ਼ਹਿਰ ਵਿੱਚ ਸਨਸਨੀ ਫੈਲਾ ਦਿੱਤੀ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ, ਜੋ ਸੀ.ਟੀ. ਕਾਲਜ ਨਾਲ ਜੋੜੀ ਜਾ ਰਹੀ ਸੀ, ਨੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ। ਲੋਕਾਂ ਵੱਲੋਂ ਇਸ ਵੀਡੀਓ ਨੂੰ ਡਰੋਨ ਹਮਲੇ ਨਾਲ ਜੋੜ ਕੇ ਵਿਆਖਿਆ ਕੀਤੀ ਜਾ ਰਹੀ ਸੀ।
ਡੀ.ਸੀ. ਹਿਮਾਂਸ਼ੂ ਅਗਰਵਾਲ ਨੇ ਦਿੱਤਾ ਹਕੀਕਤ ਦਾ ਖੁਲਾਸਾ
ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਾਇਰਲ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਜਾਰੀ ਕਰਦਿਆਂ ਦੱਸਿਆ ਕਿ ਉਕਤ ਵੀਡੀਓ ਦਾ ਡਰੋਨ ਹਮਲੇ ਜਾਂ ਕਿਸੇ ਫੌਜੀ ਕਾਰਵਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਦੀ ਇਹ ਵੀਡੀਓ ਹੈ, ਉਹ ਸ਼ਾਮ ਕਰੀਬ 7:30 ਵਜੇ ਦੀ ਹੈ, ਜਦਕਿ ਪਹਿਲੀ ਵਾਰ ਡਰੋਨ ਦੇਖਣ ਦੀ ਘਟਨਾ ਰਾਤ 9 ਵਜੇ ਦੇ ਨੇੜੇ ਘਟੀ।
ਅੱਗ ਦੀ ਘਟਨਾ ਨੂੰ ਡਰੋਨ ਹਮਲੇ ਨਾਲ ਜੋੜਿਆ ਗਿਆ ਗਲਤ ਤਰੀਕੇ ਨਾਲ
ਡੀ.ਸੀ. ਨੇ ਇਹ ਵੀ ਦੱਸਿਆ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਅਸਲ ’ਚ ਕਿਸੇ ਖੇਤ ਵਿੱਚ ਲੱਗੀ ਅੱਗ ਦੀ ਘਟਨਾ ਨਾਲ ਸਬੰਧਤ ਹੈ। ਇਸ ਦਾ ਡਰੋਨ ਜਾਂ ਹਮਲੇ ਵਾਲੀ ਘਟਨਾ ਨਾਲ ਕੋਈ ਸਬੰਧ ਨਹੀਂ। ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਬਚਣ ਅਤੇ ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਸਾਂਝਾ ਕਰਨ ਦੀ ਅਪੀਲ ਕੀਤੀ ਗਈ ਹੈ।
ਪ੍ਰਸ਼ਾਸਨ ਨੇ ਕੀਤਾ ਸਾਵਧਾਨ ਰਹਿਣ ਦੀ ਅਪੀਲ
ਅਧਿਕਾਰੀਆਂ ਨੇ ਲੋਕਾਂ ਨੂੰ ਆਗਾਹ ਕੀਤਾ ਕਿ ਉਹ ਸੋਸ਼ਲ ਮੀਡੀਆ ‘ਤੇ ਆ ਰਹੀਆਂ ਗਲਤ ਜਾਂ ਗੁੰਮਰਾਹ ਕਰਨ ਵਾਲੀਆਂ ਜਾਣਕਾਰੀਆਂ ਤੋਂ ਬਚਣ। ਹਾਲਾਤ ‘ਤੇ ਪ੍ਰਸ਼ਾਸਨ ਦੀ ਪੂਰੀ ਨਜ਼ਰ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਯੋਜਨਾ ਤਿਆਰ ਹੈ।