ਰੋਜ਼ਾਨਾ ਦੀ ਕਮਾਈ ਸਿਰਫ ₹400, ਨਾਈ ਨੂੰ ਆਇਆ 37.87 ਕਰੋੜ ਦਾ ਆਮਦਨ ਕਰ ਨੋਟਿਸ
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਅਲੀ ਮੁਹੰਮਦ ਪਿੰਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਧਾਰਣ ਸੈਲੂਨ ਚਲਾਉਣ ਵਾਲੇ ਨਾਈ ਨੂੰ ਆਮਦਨ ਕਰ ਵਿਭਾਗ ਵੱਲੋਂ 37.87 ਕਰੋੜ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਨਾਈ ਰਾਕੇਸ਼, ਜੋ ਰੋਜ਼ਾਨਾ 400-500 ਰੁਪਏ ਕਮਾਈ ਕਰਦਾ ਹੈ, ਇਸ ਨੋਟਿਸ ਨੂੰ ਪੜ੍ਹ ਕੇ ਹੈਰਾਨ ਤੇ ਪਰੇਸ਼ਾਨ ਹੋ ਗਿਆ।
ਰਾਕੇਸ਼ ਨੇ ਦੱਸਿਆ ਕਿ ਉਹ ਵਧੀਆ ਜ਼ਿੰਦਗੀ ਤੰਗੀ ‘ਚ ਗੁਜ਼ਾਰ ਰਿਹਾ ਹੈ ਅਤੇ ਇੱਕ ਸਮੇਂ ਉਸਨੇ 10,000 ਰੁਪਏ ਦਾ ਛੋਟਾ ਕਰਜ਼ਾ ਵੀ ਲਿਆ ਸੀ, ਜੋ ਉਸਨੇ ਵਾਪਸ ਕਰ ਦਿੱਤਾ। ਉਸਦਾ ਦਾਅਵਾ ਹੈ ਕਿ ਕਰਜ਼ਾ ਦੇਣ ਵਾਲੀ ਕੰਪਨੀ ਨੇ ਉਸਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਕੇ ਉਸਦੇ ਨਾਮ ’ਤੇ ਫਰਜੀ ਕੰਪਨੀ ਰਜਿਸਟਰ ਕਰਵਾਈ, ਜਿਸ ਰਾਹੀਂ ਵੱਡੇ ਪੈਮਾਣੇ ‘ਤੇ ਲੈਣ-ਦੇਣ ਕੀਤੇ ਗਏ।
ਨੋਟਿਸ ਮਿਲਣ ਤੋਂ ਬਾਅਦ ਰਾਕੇਸ਼ ਪਰਿਵਾਰ ਸਮੇਤ ਗਹਿਰੀ ਚਿੰਤਾ ‘ਚ ਹੈ ਅਤੇ ਕਦੇ ਡੀ.ਸੀ. ਦਫ਼ਤਰ, ਕਦੇ ਆਮਦਨ ਕਰ ਦਫ਼ਤਰ ਅਤੇ ਕਦੇ ਪੁਲਿਸ ਸਟੇਸ਼ਨ ਦੇ ਚੱਕਰ ਲਾ ਰਿਹਾ ਹੈ। ਵਿਭਾਗ ਵੱਲੋਂ ਨੋਟਿਸ ’ਚ 9 ਅਪ੍ਰੈਲ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ।
ਇਹ ਕੇਵਲ ਇੱਕ ਮਾਮਲਾ ਨਹੀਂ ਹੈ। ਹਾਲ ਹੀ ‘ਚ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿਚ ਵੀ ਚਾਰ ਗਰੀਬ ਲੋਕਾਂ ਨੂੰ ਕਰੋੜਾਂ ਰੁਪਏ ਦੇ ਨੋਟਿਸ ਮਿਲੇ ਹਨ। ਜਾਂਚ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਦੇ ਨਾਮ ’ਤੇ ਫਰਜੀ ਕੰਪਨੀਆਂ ਚਲਾਈਆਂ ਜਾ ਰਹੀਆਂ ਸਨ, ਜਿਸ ਵਿਚ ਪੈਨ ਕਾਰਡ ਅਤੇ ਹੋਰ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ ਗਈ।
ਪੁਲਿਸ ਅਤੇ ਆਮਦਨ ਕਰ ਵਿਭਾਗ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।