ਪਹਿਲਗਾਮ ਅੱਤਵਾਦੀ ਹਮਲੇ ਦੇ ਸੋਗ ਵਿਚ ਦਿਨਾਨਗਰ ’ਚ ਮੁਕੰਮਲ ਬੰਦ, ਪਾਕਿਸਤਾਨ ਵਿਰੁੱਧ ਰੋਸ ਪ੍ਰਗਟਾਉਂਦੇ ਦੁਕਾਨਦਾਰ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਸੋਗ ਵਿਚ ਵੱਸਾ ਦਿੱਤਾ ਹੈ। ਹਮਲੇ ’ਚ ਮਾਰੇ ਗਏ ਬੇਗੁਨਾਹ ਸੈਲਾਨੀਆਂ ਦੀ ਯਾਦ ’ਚ ਗੁਰਦਾਸਪੁਰ ਦੇ ਦਿਨਾਨਗਰ ਸ਼ਹਿਰ ’ਚ ਅੱਜ ਹਿੰਦੂ ਸੰਗਠਨਾਂ ਅਤੇ ਵਪਾਰੀ ਵਰਗ ਵੱਲੋਂ ਸ਼ਹਿਰ ਪੱਧਰੀ ਬੰਦ ਦਾ ਐਲਾਨ ਕੀਤਾ ਗਿਆ।
ਸਮੂਹ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਅੱਤਵਾਦ ਖਿਲਾਫ ਰੋਸ ਜਤਾਇਆ। ਰੋਸ ਪਰੇਡ ਦੌਰਾਨ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਸੰਗਠਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ’ਤੇ ਹੋਏ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਕੱਠੇ ਹੋਣ ਦੀ ਲੋੜ ਹੈ।
ਬੰਦ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਜਿਵੇਂ ਮੈਡੀਕਲ ਸਟੋਰ ਅਤੇ ਡੇਅਰੀਆਂ ਹੀ ਖੁੱਲੀਆਂ ਰਹੀਆਂ, ਜਦਕਿ ਹੋਰ ਸਾਰੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਦਿਖਾਈ ਦਿੱਤੀਆਂ।
ਇਸ ਮੌਕੇ ਸ਼ਹਿਰ ਦੇ ਵਪਾਰੀਆਂ ਨੇ ਸੰਦੇਸ਼ ਦਿੱਤਾ ਕਿ ਅੱਤਵਾਦ ਦੇ ਖ਼ਿਲਾਫ਼ ਦੇਸ਼ਵਾਸੀਆਂ ਨੂੰ ਇਕਜੁਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਪੁਲਿਸ ਵੱਲੋਂ ਵੀ ਸ਼ਹਿਰ ’ਚ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਥਾਂ-ਥਾਂ ਨਾਕੇ ਲਾ ਕੇ ਨਿਗਰਾਨੀ ਵਧਾਈ ਗਈ ਹੈ।