ਕਰਨਲ ਸੋਫੀਆ ਤੇ ਵਿੰਗ ਕਮਾਂਡਰ ਵਿਓਮਿਕਾ ਨੇ ਦਿੱਤੀ ‘ਆਪਰੇਸ਼ਨ ਸਿੰਦੂਰ’ ਦੀ ਪੂਰੀ ਜਾਣਕਾਰੀ, 100 ਤੋਂ ਵੱਧ ਅੱਤਵਾਦੀ ਮਾਰੇ ਗਏ
ਭਾਰਤ ਨੇ ਮੰਗਲਵਾਰ ਰਾਤ ਪਹਿਲਗਾਮ ਹਮਲੇ ਦਾ ਕਰਾਰਾ ਜਵਾਬ ਦੇਂਦਿਆਂ ‘ਆਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਏਅਰ ਸਟ੍ਰਾਈਕ ਕੀਤੀ। ਕੇਂਦਰੀ ਸਰਕਾਰ ਵੱਲੋਂ ਬੁੱਧਵਾਰ ਸਵੇਰੇ 1:44 ਵਜੇ ਜਾਰੀ ਪ੍ਰੈੱਸ ਰਿਲੀਜ਼ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਹਮਲੇ ‘ਚ 100 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ।
ਪਹਿਲੀ ਵਾਰ ਦੇਸ਼ ਦੇ ਇਤਿਹਾਸ ਵਿੱਚ ਫੌਜੀ ਪ੍ਰੈੱਸ ਕਾਨਫਰੰਸ ਵਿੱਚ ਦੋ ਮਹਿਲਾ ਅਧਿਕਾਰੀ, ਕਰਨਲ ਸੋਫੀਆ ਕੁਰੈਸ਼ੀ (ਫੌਜ) ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ (ਏਅਰਫੋਰਸ) ਨੇ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਹਮਲੇ ਦੀ ਸਮੇਂ-ਸਾਰਣੀ ਅਤੇ ਨਿਸ਼ਾਨੇ
ਉਨ੍ਹਾਂ ਦੱਸਿਆ ਕਿ ਹਮਲਾ ਰਾਤ 1:05 ਵਜੇ ਸ਼ੁਰੂ ਹੋਇਆ ਅਤੇ 1:30 ਵਜੇ ਤੱਕ ਜਾਰੀ ਰਿਹਾ। ਹਮਲੇ ‘ਚ ਖਾਸ ਕਰਕੇ ਅੱਤਵਾਦੀਆਂ ਦੇ ਲਾਂਚਪੈਡ ਅਤੇ ਸਿਖਲਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਸਾਰੇ ਟਿਕਾਣੇ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ਾਧਾਰੀ ਕਸ਼ਮੀਰ (PoK) ‘ਚ ਸਥਿਤ ਸਨ।
ਕਿਹੜੇ ਟਿਕਾਣਿਆਂ ‘ਤੇ ਹੋਏ ਹਮਲੇ?
-
ਸਵਾਈ ਨਾਲਾ – ਮੁਜ਼ੱਫਰਾਬਾਦ ‘ਚ ਲਸ਼ਕਰ ਦਾ ਸਿਖਲਾਈ ਕੇਂਦਰ
-
ਸਯਦਨਾ ਬਿਲਾਲ ਕੈਂਪ – ਹਥਿਆਰ ਅਤੇ ਜੰਗਲ ਵਾਰਫੇਅਰ ਸਿਖਲਾਈ
-
ਗੁਰੂਪੁਰ ਕੋਟਲੀ ਕੈਂਪ – 2023 ਦੇ ਪੁੰਛ ਹਮਲੇ ਵਾਲੇ ਅੱਤਵਾਦੀਆਂ ਨੂੰ ਇਥੇ ਸਿਖਲਾਈ
-
ਭਿੰਬਰ ਦੇ ਬਰਨਾਲਾ ਕੈਂਪ ਅਤੇ ਕੋਟਲੀ ਕੈਂਪ – ਹਥਿਆਰਾਂ ਦੀ ਸੰਭਾਲ ਅਤੇ ਆਤਮਘਾਤੀ ਹਮਲਾਵਰਾਂ ਦੀ ਤਿਆਰੀ
ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਨੇ ਸਾਫ਼ ਕੀਤਾ ਕਿ ਇਹ ਹਮਲੇ ਸਿਰਫ਼ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਸਨ। ਪਾਕਿਸਤਾਨੀ ਫੌਜ ਜਾਂ ਆਮ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ।