CM ਨੇ ਨਿੱਜੀ ਸਕੂਲਾਂ ਨੂੰ ਭੇਜੇ ਨੋਟਿਸ, ਸਖ਼ਤ ਕਾਰਵਾਈ ਦੀ ਚੇਤਾਵਨੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮਨਮਾਨੇ ਢੰਗ ਨਾਲ ਫੀਸ ਵਧਾਉਣ ਵਾਲੇ ਨਿੱਜੀ ਸਕੂਲਾਂ ਵਿਰੁੱਧ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਮੰਗਲਵਾਰ ਨੂੰ ‘ਜਨ ਸੰਵਾਦ’ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਸਕੂਲਾਂ ਵਿਰੁੱਧ ਮਨਮਾਨੀ ਫੀਸ ਵਾਧੇ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।
CM ਗੁਪਤਾ ਨੇ ਕਿਹਾ ਕਿ ਜੇਕਰ ਸਕੂਲ ਵੱਲੋਂ ਜਵਾਬ ਨਾ ਦਿੱਤਾ ਗਿਆ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਡਲ ਟਾਊਨ ਦੇ ਕਵੀਨ ਮੈਰੀ ਸਕੂਲ ਵਿਰੁੱਧ ਮਿਲੀ ਇਕ ਸ਼ਿਕਾਇਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਪਿਆਂ ਨੇ ਵਿਦਿਆਰਥੀਆਂ ਨੂੰ ਸਕੂਲ ਤੋਂ ਕੱਢਣ ਅਤੇ ਫੀਸ ਵਾਧੇ ਦੀ ਗੰਭੀਰ ਸ਼ਿਕਾਇਤ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਸਕੂਲ ਮਾਪਿਆਂ ਨੂੰ ਪੀੜਤ ਨਹੀਂ ਕਰ ਸਕਦਾ ਅਤੇ ਵਿਦਿਆਰਥੀਆਂ ਨੂੰ ਫੀਸ ਦੀ ਆੜ ‘ਚ ਕੱਢਣਾ ਸਰਾਸਰ ਗਲਤ ਹੈ। “ਸਕੂਲਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ, ਨਹੀਂ ਤਾਂ ਸਖ਼ਤ ਕਾਰਵਾਈ ਹੋਵੇਗੀ,” ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ।
CM ਨੇ ਸਾਫ਼ ਕੀਤਾ ਕਿ ਸਰਕਾਰ ਦੀ ਨੀਤੀ ਬੇਇਨਸਾਫ਼ੀ, ਸ਼ੋਸ਼ਣ ਅਤੇ ਬੇਨਿਯਮੀਆਂ ਖ਼ਿਲਾਫ਼ ਜ਼ੀਰੋ ਟੋਲਰੇਂਸ ਦੀ ਹੈ ਅਤੇ ਹਰ ਬੱਚੇ ਨੂੰ ਨਿਆਂ, ਸਤਿਕਾਰ ਅਤੇ ਗੁਣਵੱਤਾ ਵਾਲੀ ਸਿੱਖਿਆ ਦਾ ਹੱਕ ਮਿਲੇਗਾ।