ਡਾਕਟਰਾਂ ਦੀ ਹੜਤਾਲ ਨੂੰ ਲੈ ਕੇ CM ਮਾਨ ਦਾ ਐਕਸ਼ਨ, ਅੱਜ ਖੁੱਲ੍ਹੇਗੀ OPD
ਪੰਜਾਬ ਵਿੱਚ ਚਲ ਰਹੀ ਪੰਜਾਬ ਸਟੇਟ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PSMSA) ਦੀ ਹੜਤਾਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਕਦਮ ਚੁੱਕਿਆ ਹੈ। ਮਾਨ ਨੇ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਨੂੰ ਮਿਲ ਕੇ ਮੁੱਖ ਮੰਤਰੀ ਵੱਲੋਂ ਮੰਗਾਂ ਮੰਨੀਆਂ ਜਾਣ ਦੀ ਪੱਕੀ ਜਾਣਕਾਰੀ ਦੇਣ।
ਡਾਕਟਰਾਂ ਵਲੋਂ ਤਿੰਨ ਘੰਟਿਆਂ ਦੀ ਹੜਤਾਲ ਦੇ ਬਾਅਦ, ਓ ਪੀ ਡੀ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਦੇ ਦਖਲ ਦੇ ਨਤੀਜੇ ਵਜੋਂ, ਕਾਡਰ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਡਾਕਟਰਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ।
ਅੱਜ 14 ਸਤੰਬਰ ਨੂੰ 2 ਵਜੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਭਾਗੀ ਸਕੱਤਰ ਅਤੇ ਵਿਤ ਸਕੱਤਰ ਨਾਲ ਡਾਕਟਰਾਂ ਦੀ ਮੁਲਾਕਾਤ ਹੋਵੇਗੀ। ਐਸੋਸੀਏਸ਼ਨ ਨੂੰ ਉਮੀਦ ਹੈ ਕਿ ਇਸ ਵਾਰ ਸਰਕਾਰ ਹੱਲ ਲੈ ਕੇ ਆਵੇਗੀ। ਮੀਟਿੰਗ ਵਿਚ ਸਾਰੇ 23 ਜ਼ਿਲ੍ਹਿਆਂ ਦੇ ਡਾਕਟਰ ਭਾਗ ਲੈਣਗੇ ਅਤੇ ਅਗਲਾ ਫ਼ੈਸਲਾ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ।
ਡਾਕਟਰਾਂ ਨੇ ਸਵੇਰੇ ਤਿੰਨ ਘੰਟਿਆਂ ਦੇ ਪ੍ਰਦਰਸ਼ਨ ਤੋਂ ਬਾਅਦ, ਓ ਪੀ ਡੀ ‘ਚ ਮਰੀਜ਼ਾਂ ਦਾ ਇਲਾਜ ਕਰਨ ਲਈ ਤਿਆਰੀ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ, PSMSA ਨੇ ਹਰੇਕ ਜ਼ਿਲ੍ਹੇ ਵਿੱਚ ਮਰੀਜ਼ਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ ਦੀ ਦਵਾਈ ਮੁਹੱਈਆ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।