ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ CM ਮਾਨ ਤੇ ਕਈ ਹੋਰ ਮਸ਼ਹੂਰ ਚਿਹਰੇ
ਮਸ਼ਹੂਰ ਸੂਫ਼ੀ ਗਾਇਕ ਅਤੇ ਪਦਮ ਸ਼੍ਰੀ ਸਨਮਾਨਿਤ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ, ਮਾਡਲ ਟਾਊਨ, ਜਲੰਧਰ ਵਿਖੇ ਹੋਈ। ਇਸ ਦੁਖਦਾਈ ਮੌਕੇ ‘ਤੇ ਕਈ ਸਿਆਸੀ, ਫਿਲਮੀ ਅਤੇ ਧਾਰਮਿਕ ਚਿਹਰਿਆਂ ਨੇ ਹਾਜ਼ਰੀ ਭਰੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਅੰਤਿਮ ਅਰਦਾਸ ਵਿੱਚ ਪਹੁੰਚੇ। ਇਨ੍ਹਾਂ ਦੇ ਇਲਾਵਾ ਭਾਜਪਾ ਆਗੂ ਸ਼ਵੇਤ ਮਲਿਕ, ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਅਤੇ ਹੋਰ ਕਈ ਸਿਆਸੀ ਧਿਰਾਂ ਦੇ ਪ੍ਰਤੀਨਿਧੀਆਂ ਨੇ ਵੀ ਹੰਸ ਰਾਜ ਹੰਸ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ।
ਪਾਲੀਵੁੱਡ ਤੋਂ ਬੀਨੂੰ ਢਿੱਲੋਂ, ਸਤਿੰਦਰ ਸੱਤੀ, ਕੌਰ ਬੀ ਅਤੇ ਹੋਰ ਕਈ ਗਾਇਕਾਂ ਨੇ ਪਹੁੰਚ ਕੇ ਰੇਸ਼ਮ ਕੌਰ ਨੂੰ ਅਖੀਰਲੀ ਵਿਦਾਈ ਦਿੱਤੀ।
ਯਾਦ ਰਹੇ ਕਿ ਰੇਸ਼ਮ ਕੌਰ ਦਾ ਦਿਹਾਂਤ 2 ਅਪ੍ਰੈਲ ਨੂੰ ਹੋਇਆ ਸੀ। ਉਹ ਕਾਫੀ ਸਮੇਂ ਤੋਂ ਦਿਲ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਟੈਗੋਰ ਹਸਪਤਾਲ ਵਿੱਚ ਦਾਖ਼ਲ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਹੰਸ ਰਾਜ ਹੰਸ ਦੇ ਜੱਦੀ ਪਿੰਡ ਸਫੀਪੁਰ, ਜਲੰਧਰ ਵਿਖੇ ਕੀਤਾ ਗਿਆ। ਉਨ੍ਹਾਂ ਦੀ ਉਮਰ ਲਗਭਗ 60 ਸਾਲ ਸੀ। ਰੇਸ਼ਮ ਕੌਰ ਦੇ ਦਿਹਾਂਤ ਦੀ ਖ਼ਬਰ ਨਾਲ ਸੰਗੀਤ ਜਗਤ, ਸਿਆਸੀ ਅਤੇ ਧਾਰਮਿਕ ਅਦਾਰੇ ਸੋਗ ਵਿਚ ਡੁੱਬੇ ਹੋਏ ਹਨ।
ਹੰਸ ਰਾਜ ਹੰਸ ਨਾਂ ਸਿਰਫ਼ ਪੰਜਾਬੀ ਅਤੇ ਸੂਫ਼ੀ ਸੰਗੀਤ ਵਿੱਚ ਮਸ਼ਹੂਰ ਹਨ, ਸਗੋਂ ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਅਤੇ ਸਾਬਕਾ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਪੰਜਾਬੀ-ਪੌਪ ਸੰਗੀਤ ਨੂੰ ਨਵੀਂ ਪਹਚਾਣ ਦਿੱਤੀ ਅਤੇ ਨਕੋਦਰ ਦੇ ਲਾਲ ਬਾਦਸ਼ਾਹ ਦੀ ਗੱਦੀ ਦੇ ਗੱਦੀਨਸ਼ੀਨ ਵੀ ਹਨ।