ਪਾਣੀ ਮਾਮਲੇ ‘ਤੇ ਆਲ ਪਾਰਟੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ — “ਸਾਡੀ ਲਾਈਫਲਾਈਨ ਹੈ ਪਾਣੀ, ਧੱਕੇਸ਼ਾਹੀ ਬਰਦਾਸ਼ਤ ਨਹੀਂ”
ਪੰਜਾਬ ‘ਚ ਪਾਣੀ ਦੇ ਹੱਕਾਂ ਨੂੰ ਲੈ ਕੇ ਗੰਭੀਰ ਹੋਈ ਸਿਆਸੀ ਹਲਚਲ ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਲ ਪਾਰਟੀ ਮੀਟਿੰਗ ਹੋਈ। ਇਸ ਵਿਚ ਸਾਰੇ ਸਿਆਸੀ ਧਿਰਾਂ ਦੇ ਆਗੂ ਮੌਜੂਦ ਸਨ। ਮੀਟਿੰਗ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ, “ਸਾਰੇ ਆਗੂ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਦੇ ਹੱਕ ਲਈ ਇੱਕਜੁੱਟ ਹੋਏ ਹਨ।”
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਮੀਟਿੰਗ ਦੌਰਾਨ ਹਰ ਪਾਰਟੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਹ ਸਹਿਮਤੀ ਬਣੀ ਕਿ ਪੰਜਾਬ ਦੇ ਪਾਣੀ ਹੱਕਾਂ ਉੱਤੇ ਕੋਈ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ਇਹ ਸਿਆਸੀ ਲਾਹਾ ਲੈਣ ਦਾ ਮੌਕਾ ਨਹੀਂ, ਇਹ ਪੰਜਾਬ ਦੀ ਲਾਈਫਲਾਈਨ ਬਚਾਉਣ ਦੀ ਲੜਾਈ ਹੈ।”
ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਸੋਮਵਾਰ, 5 ਮਈ ਨੂੰ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ, ਜਿਸ ਦੀ ਰਾਜਪਾਲ ਵਲੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ। ਇਸ ਇਜਲਾਸ ਵਿਚ ਪਾਣੀਆਂ ਦੇ ਮਸਲੇ ‘ਤੇ ਵਿਸਥਾਰ ਨਾਲ ਵਿਚਾਰ ਹੋਣਗੇ।
ਮੀਟਿੰਗ ਦੌਰਾਨ ਇਹ ਵੀ ਸੁਝਾਅ ਆਇਆ ਕਿ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਵੀ ਰੱਖਿਆ ਜਾਵੇ।
ਭਾਜਪਾ ਆਗੂ ਸੁਨੀਲ ਜਾਖੜ ਨੇ ਵੀ ਆਪਣੀ ਸਹਿਮਤੀ ਜਤਾਈ ਕਿ ਇਹ ਮਸਲਾ ਕੇਂਦਰ ਸਰਕਾਰ ਤੱਕ ਲੈ ਕੇ ਜਾਣ ਦੀ ਲੋੜ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, “ਪੰਜਾਬੀ ਧੱਕਾ ਬਰਦਾਸ਼ਤ ਨਹੀਂ ਕਰਦੇ, ਭਾਵੇਂ ਪਿਆਰ ਨਾਲ ਕੁਝ ਵੀ ਲੈ ਲਓ, ਪਰ ਅਜਿਹਾ ਧੱਕਾ ਨਹੀਂ ਸਹਾਂਗੇ।” ਉਨ੍ਹਾਂ ਨੇ ਇਸ ਮਸਲੇ ਨੂੰ ਦਿੱਲੀ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ।