ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ – ਅੱਜ ਤੋਂ ਹਰਿਆਣਾ ਨੂੰ ਮਿਲੇਗਾ ਬਣਦੇ ਹਿੱਸੇ ਦਾ ਪਾਣੀ
ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਦੇ ਵਿਵਾਦ ’ਚ ਇਕ ਨਵਾਂ ਮੋੜ ਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਨੂੰ ਉਸਦੇ ਬਣਦੇ ਹਿੱਸੇ ਦੇ ਅਨੁਸਾਰ ਅੱਜ ਤੋਂ ਪਾਣੀ ਦਿੱਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਤੋਂ 100 ਕਿਊਸਿਕ ਪਾਣੀ ਛੱਡਿਆ ਜਾਵੇਗਾ, ਜੋ ਕਿ 21 ਮਈ ਤੱਕ ਜਾਰੀ ਰਹੇਗਾ।
ਨੰਗਲ ਡੈਮ ‘ਤੇ ਦਿੱਤਾ ਸੰਦੇਸ਼
ਭਗਵੰਤ ਮਾਨ ਨੇ ਇਹ ਐਲਾਨ ਨੰਗਲ ਡੈਮ ‘ਤੇ ਹੋਏ ਸੰਬੋਧਨ ਦੌਰਾਨ ਕੀਤਾ, ਜਿੱਥੇ ਉਹ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ, ਜਿਵੇਂ ਕਿ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ, B.B.M.B (ਭਾਕੜਾ ਬੀਅਸ ਮੈਨੇਜਮੈਂਟ ਬੋਰਡ) ਖ਼ਿਲਾਫ਼ ਚੱਲ ਰਹੇ ਦੋ ਹਫ਼ਤਿਆਂ ਦੇ ਧਰਨੇ ਨੂੰ ਖਤਮ ਕਰਨ ਪਹੁੰਚੇ ਸਨ।
ਹਰਿਆਣਾ ਵੱਲੋਂ ਵੱਧ ਪਾਣੀ ਵਰਤਣ ਦਾ ਦੋਸ਼
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦਾ 15.6 ਲੱਖ ਕਿਊਸਿਕ ਪਾਣੀ ਬਣਦਾ ਹੈ, ਪਰ ਉਹ ਹੁਣ ਤੱਕ 16.48 ਲੱਖ ਕਿਊਸਿਕ ਤੋਂ ਵੱਧ ਪਾਣੀ ਵਰਤ ਚੁੱਕਾ ਹੈ। ਇਸ ਕਰਕੇ ਹੁਣ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਕਦੇ ਵੀ ਹਰਿਆਣਾ ਦਾ ਬਣਦਾ ਹੱਕ ਨਹੀਂ ਖੋਵੇਗਾ, ਪਰ ਜਿਨਾ ਪਾਣੀ ਦਾ ਹੱਕ ਹੈ, ਉਹੀ ਦਿੱਤਾ ਜਾਵੇਗਾ।
24 ਮਈ ਨੂੰ ਨੀਤੀ ਆਯੋਗ ਦੀ ਮੀਟਿੰਗ
ਭਗਵੰਤ ਮਾਨ ਨੇ ਦੱਸਿਆ ਕਿ 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੀਤੀ ਆਯੋਗ ਦੀ ਮੀਟਿੰਗ ਹੋਣੀ ਹੈ, ਜਿਸ ਵਿੱਚ ਉਹ ਪਾਣੀ ਦੇ ਮੁੱਦੇ ‘ਤੇ ਪੰਜਾਬ ਦਾ ਪੱਖ ਰੱਖਣਗੇ ਅਤੇ ਭਾਕੜਾ ਬੀਅਸ ਬੋਰਡ ਦੇ ਪੂਨਰਗਠਨ ਦੀ ਮੰਗ ਵੀ ਰੱਖਣਗੇ।
B.B.M.B ‘ਤੇ ਸਿੱਧਾ ਨਿਸ਼ਾਨਾ
ਮੁੱਖ ਮੰਤਰੀ ਨੇ B.B.M.B ਨੂੰ “ਚਿੱਟਾ ਹਾਥੀ” ਕਹਿੰਦੇ ਹੋਏ ਕਿਹਾ ਕਿ ਇਹ ਸੰਗਠਨ ਪੰਜਾਬ ਲਈ ਲਾਭਕਾਰੀ ਨਹੀਂ ਰਹਿ ਗਿਆ। ਉਨ੍ਹਾਂ ਨੇ ਦੱਸਿਆ ਕਿ ਭਾਕੜਾ ਵਿੱਚ 3 ਹਜ਼ਾਰ ਤੋਂ ਵੱਧ ਪੋਸਟਾਂ ਪੰਜਾਬ ਦੇ ਕੋਟੇ ਦੇ ਅਧੀਨ ਖਾਲੀ ਪੈਈਆਂ ਹਨ, ਜਿਨ੍ਹਾਂ ਨੂੰ ਭਰਨ ਲਈ ਕਦਮ ਚੁੱਕੇ ਜਾਣਗੇ।
ਪਿਛਲੀਆਂ ਸਰਕਾਰਾਂ ‘ਤੇ ਹਮਲਾ
ਪਿਛਲੀਆਂ ਸਰਕਾਰਾਂ ‘ਤੇ ਵਾਰ ਕਰਦਿਆਂ ਮਾਨ ਨੇ ਕਿਹਾ, “ਸੋਨੇ ਦੀਆਂ ਟੂਟੀਆਂ ਵਾਲਿਆਂ ਨੂੰ ਪਾਣੀ ਦੀ ਅਸਲ ਕਦਰ ਕਿਵੇਂ ਹੋ ਸਕਦੀ ਹੈ।” ਉਨ੍ਹਾਂ ਕਿਹਾ ਕਿ ਅੱਜ ਪਹਿਲੀ ਵਾਰ ਪੰਜਾਬ ਆਪਣੇ ਹੱਕ ਦੇ ਪਾਣੀ ਦੀ ਰਾਖੀ ਖੁਦ ਕਰ ਰਿਹਾ ਹੈ, ਕਿਉਂਕਿ ਦੇਸ਼ ਨੂੰ ਅਨਾਜ ਸਾਡੀ ਧਰਤੀ ਤੋਂ ਚਾਹੀਦਾ ਹੈ, ਤਾਂ ਸਾਨੂੰ ਪਾਣੀ ਵੀ ਲੋੜੀਂਦਾ ਹੈ।