ਸੰਕਟ ‘ਚ ਘਿਰੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ, ਜਲਦੀ ਛੱਡ ਸਕਦੇ ਹਨ ਅਹੁਦਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਥਿਤ ਤੌਰ ‘ਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਰਿਪੋਰਟਾਂ ਅਨੁਸਾਰ, ਪਾਰਟੀ ਦੇ ਸੰਸਦ ਮੈਂਬਰ ਉਨ੍ਹਾਂ ਤੋਂ ਨੇਤਾ ਵਜੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਬੁੱਧਵਾਰ ਨੂੰ ਲਿਬਰਲ ਕਾਕਸ ਦੀ ਮੀਟਿੰਗ ਹੋਣੀ ਹੈ, ਜਿਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਆਪਣਾ ਅਹੁਦਾ ਛੱਡਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸੂਤਰਾਂ ਅਨੁਸਾਰ, ਹਾਲਾਂਕਿ ਅਸਤੀਫੇ ਦੀ ਸਥਿਤੀ ਬਾਰੇ ਅਧਿਕਾਰਕ ਪੱਖ ਤੋਂ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਟਰੂਡੋ ਨੇਤਾ ਦੇ ਤੌਰ ‘ਤੇ ਆਪਣਾ ਅਹੁਦਾ ਛੱਡ ਸਕਦੇ ਹਨ। ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਵੀ ਹਟਣਗੇ ਜਾਂ ਨਵੇਂ ਪਾਰਟੀ ਨੇਤਾ ਦੀ ਚੋਣ ਤੱਕ ਆਪਣਾ ਰੋਲ ਨਿਭਾਉਂਦੇ ਰਹਿਣਗੇ।
ਟਰੂਡੋ ਦੇ ਅਸਤੀਫੇ ਨਾਲ ਪਾਰਟੀ ਵਿੱਚ ਲੀਡਰਸ਼ਿਪ ਮੁਕਾਬਲੇ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਨਵੇਂ ਨੇਤਾ ਤੋਂ ਪ੍ਰਧਾਨ ਮੰਤਰੀ ਬਣਨ ਦੀ ਉਮੀਦ ਹੋਵੇਗੀ। 16 ਦਸੰਬਰ ਨੂੰ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਦੇ ਅਚਾਨਕ ਅਸਤੀਫੇ ਤੋਂ ਬਾਅਦ ਟਰੂਡੋ ਨੂੰ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।