ਪੰਜਾਬ ‘ਚ ਸਰਹੱਦੀ ਸੁਰੱਖਿਆ ਹੋਈ ਹੋਰ ਮਜ਼ਬੂਤ, ਪਾਕਿ ਨਸ਼ਾ ਗਤੀਵਿਧੀਆਂ ‘ਤੇ ਡੀਜੀਪੀ ਗੌਰਵ ਯਾਦਵ ਦਾ ਵੱਡਾ ਬਿਆਨ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਕਾਰਗਰ ਸਾਬਤ ਹੋ ਰਹੀ ਹੈ ਅਤੇ ਇਸ ਕਾਰਨ ਪਾਕਿਸਤਾਨ ਅਤੇ ਉਸ ਦੀਆਂ ਏਜੰਸੀਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਅੱਖੜ ਸ਼ਬਦਾਂ ‘ਚ ਕਿਹਾ ਕਿ ਨਸ਼ਿਆਂ ਦੀ ਆਵਾਜਾਈ ‘ਤੇ ਵੱਡੀ ਰੋਕ ਲਗਣ ਕਾਰਨ ਪਾਕਿਸਤਾਨ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਹੈ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਸ ਨੇ ਸਰਹੱਦ ‘ਤੇ ਸਖ਼ਤੀ ਵਧਾ ਦਿੱਤੀ ਹੈ, ਜਿਸ ਨਾਲ ਨਸ਼ੇ ਵਾਲੀ ਸਮੱਗਰੀ ਆਉਣ ‘ਚ ਕਾਫ਼ੀ ਘਾਟ ਆਈ ਹੈ। ਉਨ੍ਹਾਂ ਦੱਸਿਆ ਕਿ ਡ੍ਰੋਨ ਰਾਹੀਂ ਆਉਣ ਵਾਲੀਆਂ ਖੇਪਾਂ ਦੀ ਗਿਣਤੀ ਵੀ ਘਟੀ ਹੈ ਅਤੇ ਹੁਣ ਹਵਾਲਾ ਰਾਹੀਂ ਹੋਣ ਵਾਲੀਆਂ ਲੈਣ-ਦੇਣ ਕਾਰਵਾਈਆਂ ‘ਤੇ ਵੀ ਪੁਲਸ ਨਿਗਰਾਨੀ ਵਧਾ ਰਹੀ ਹੈ।
ਡੀਆਰ ਐੱਸ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਜਲੰਧਰ ਵਿਚ ਹਾਲ ਹੀ ‘ਚ ਹੋਏ ਗ੍ਰੇਨੇਡ ਹਮਲੇ ਦੀ ਪੂਰੀ ਸਾਜ਼ਿਸ਼ ਨੂੰ ਪੁਲਸ ਨੇ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਜਿਹੀਆਂ ਉਲਝਣਾਂ ਦੇ ਬਾਵਜੂਦ ਪੰਜਾਬ ਪੁਲਸ ਸੂਬੇ ਦੀ ਅਮਨ-ਸ਼ਾਂਤੀ ਨੂੰ ਬਣਾਏ ਰੱਖਣ ਲਈ ਵਚਨਬੱਧ ਹੈ।
ਡਿਜੀਪੀ ਯਾਦਵ ਨੇ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਪੁਲਸ ਕਰਮਚਾਰੀ ਦੀ ਭੂਮਿਕਾ ਨਸ਼ਾ ਸਮੱਗਲਿੰਗ ਵਿੱਚ ਸਾਹਮਣੇ ਆਉਂਦੀ ਹੈ ਤਾਂ ਉਸ ਨਾਲ ਵੀ ਕਾਨੂੰਨੀ ਤੌਰ ‘ਤੇ ਮੁਲਜ਼ਮਾਂ ਵਰਗਾ ਸਲੂਕ ਕੀਤਾ ਜਾਵੇਗਾ।
ਉਨ੍ਹਾਂ ਅੰਤ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਗ੍ਰੇਨੇਡ ਹਮਲਿਆਂ ਜਾਂ ਹੋਰ ਅਸ਼ਾਂਤੀ ਵਾਲੀਆਂ ਘਟਨਾਵਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਪੁਲਸ ਤੇ ਜਨਤਾ ਮਿਲ ਕੇ ਪੰਜਾਬ ਨੂੰ ਨਸ਼ਾਮੁਕਤ ਤੇ ਸੁਰੱਖਿਅਤ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।