ਗੁਰਦਾਸਪੁਰ ਨੇੜੇ ਧਮਾਕਾ: ਫੌਜ ਅਤੇ ਪੁਲਸ ਨੇ ਕੀਤਾ ਇਲਾਕਾ ਸੀਲ
ਤਿੱਬੜੀ ਰੋਡ ‘ਤੇ ਸਥਿਤ ਪਿੰਡ ਪੰਧੇਰ ਦੇ ਨੇੜੇ ਬੀਤੀ ਰਾਤ ਲਗਭਗ 1.30 ਵਜੇ ਅਸਮਾਨ ‘ਚ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤਕ ਸੁਣੀ ਗਈ ਅਤੇ ਪੂਰਾ ਇਲਾਕਾ ਕੰਬ ਉਠਿਆ।
ਧਮਾਕੇ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਸ ਮੁਖੀ ਆਦਿੱਤਿਆ, ਪੁਲਸ ਟੀਮਾਂ, ਬੰਬ ਨਿਰੋਧਕ ਦਸਤਿਆਂ ਅਤੇ ਡੌਗ ਸਕੁਐਡ ਸਮੇਤ ਮੌਕੇ ‘ਤੇ ਪਹੁੰਚੇ। ਕੁਝ ਸਮੇਂ ਬਾਅਦ ਫੌਜੀ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਖੇਤਾਂ ‘ਚ ਖਿਲਰੇ ਹੋਏ ਬੰਬ ਦੇ ਟੁਕੜਿਆਂ ਦੀ ਜਾਂਚ ਸ਼ੁਰੂ ਕੀਤੀ।
ਬੰਬ ਦੇ ਟੁਕੜੇ ਲਗਭਗ ਦੋ ਏਕੜ ਜ਼ਮੀਨ ‘ਚ ਫੈਲੇ ਹੋਏ ਮਿਲੇ ਹਨ। ਸੁਰੱਖਿਆ ਕਾਰਨਾਂ ਕਰਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਫਿਲਹਾਲ ਕੋਈ ਵੀ ਅਧਿਕਾਰੀ ਧਮਾਕੇ ਦੀ ਪੁਸ਼ਟੀ ਜਾਂ ਕਾਰਨ ਬਾਰੇ ਖੁਲਾਸਾ ਕਰਨ ਨੂੰ ਤਿਆਰ ਨਹੀਂ ਹੈ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਧਮਾਕਾ ਕਿਸ ਵਸਤੂ ਕਾਰਨ ਹੋਇਆ, ਇਹ ਕਿੱਥੋਂ ਆਈ ਜਾਂ ਕਿਸ ਨੇ ਸੁੱਟੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਅਸਮਾਨ ‘ਚ ਕਿਸੇ ਜਹਾਜ਼ ਜਾਂ ਡਰੋਨ ਦੀ ਆਵਾਜ਼ ਨਹੀਂ ਸੁਣੀ ਗਈ, ਪਰ ਧਮਾਕਾ ਬਹੁਤ ਭਿਆਨਕ ਸੀ। ਲੋਕ ਰਾਤ ਭਰ ਡਰੇ ਰਹੇ, ਅਤੇ ਸਵੇਰੇ ਪਤਾ ਲੱਗਾ ਕਿ ਖੇਤਾਂ ‘ਚ ਵਿਸਫੋਟਕ ਪਦਾਰਥ ਦੇ ਟੁਕੜੇ ਮਿਲੇ ਹਨ।