ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ ‘ਚ ਧਮਾਕਾ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਅੱਜ ਸਵੇਰੇ ਅੰਮ੍ਰਿਤਸਰ ਦੇ ਨੇੜਲੇ ਪਿੰਡ ਨੌਸ਼ਹਿਰਾ ‘ਚ ਹੋਏ ਇੱਕ ਧਮਾਕੇ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੀ ਆਵਾਜ਼ ਕਾਫੀ ਤੀਬਰ ਸੀ ਜਿਸ ਕਾਰਨ ਪਿੰਡ ਦੇ ਵਾਸੀਆਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ।
ਧਮਾਕੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਲ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਧਮਾਕੇ ਵਾਲੀ ਥਾਂ ‘ਤੇ ਇੱਕ ਵਿਅਕਤੀ ਮੌਜੂਦ ਸੀ ਜੋ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਇਹ ਧਮਾਕਾ ਹੋਇਆ, ਉਹ ਥਾਂ ਖਾਲੀ ਸੀ ਅਤੇ ਉੱਥੇ ਸਿਰਫ਼ ਉਹੀ ਵਿਅਕਤੀ ਮੌਜੂਦ ਸੀ ਜੋ ਜ਼ਖ਼ਮੀ ਹੋਇਆ ਹੈ, ਜਿਸ ਕਾਰਨ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਜਾਣਬੁੱਝ ਕੇ ਉੱਥੇ ਗਿਆ ਸੀ ਜਾਂ ਉਸ ਦਾ ਧਮਾਕੇ ਨਾਲ ਕੋਈ ਸੰਬੰਧ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਚਰਚਾ ਚੱਲ ਰਹੀ ਹੈ ਕਿ ਪਿੰਡ ‘ਚ ਇੱਕ ਉੱਚ ਪੁਲਸ ਅਧਿਕਾਰੀ ਦਾ ਘਰ ਵੀ ਮੌਜੂਦ ਹੈ, ਜਿਸ ਨੂੰ ਲੈ ਕੇ ਧਮਾਕੇ ਦੇ ਮਕਸਦ ਉੱਤੇ ਸਵਾਲ ਉਠ ਰਹੇ ਹਨ।
ਪੁਲਸ ਅਧਿਕਾਰੀਆਂ ਵੱਲੋਂ ਧਮਾਕੇ ਦੀ ਕਿਸਮ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਹ ਸਪਸ਼ਟ ਨਹੀਂ ਹੋਇਆ ਕਿ ਇਹ ਧਮਾਕਾ ਗ੍ਰੇਨੇਡ ਰਾਹੀਂ ਹੋਇਆ ਜਾਂ ਕਿਸੇ ਹੋਰ ਵਿਸ਼ਫੋਟਕ ਸਮੱਗਰੀ ਵਰਗੀ RDX ਨਾਲ। ਪੁਲਸ ਅਧਿਕਾਰੀ ਕਹਿ ਰਹੇ ਹਨ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸੱਚਾਈ ਸਾਹਮਣੇ ਲਿਆਈ ਜਾਵੇਗੀ।