Youtuber Rozer Sandhu ਦੇ ਘਰ ਗ੍ਰਨੇਡ ਹਮਲੇ ਮਾਮਲੇ ‘ਚ ਵੱਡਾ ਖੁਲਾਸਾ, ਫੌਜੀ ਗ੍ਰਿਫ਼ਤਾਰ
ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਯੂ-ਟਿਊਬਰ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਰੋਜਰ ਸੰਧੂ ਦੇ ਘਰ ਹੋਏ ਗ੍ਰਨੇਡ ਹਮਲੇ ਮਾਮਲੇ ‘ਚ ਵੱਡੀ ਅਗੇਵਾਧੀ ਹੋਈ ਹੈ। ਭਾਰਤੀ ਫੌਜ ਦੇ ਨੁਸ਼ਹਿਰਾ (ਰਾਜੌਰੀ) ਸੈਕਟਰ ‘ਚ ਤਾਇਨਾਤ ਸੁਖਚੈਨ ਸਿੰਘ ਨਾਮਕ ਫੌਜੀ ਨੂੰ ਜਲੰਧਰ ਦਿਹਾਤੀ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਸ ਅਨੁਸਾਰ ਗ੍ਰਿਫ਼ਤਾਰ ਫੌਜੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਨ ਬਦਾਰ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ, ਸੁਖਚੈਨ ਸਿੰਘ ਨੇ ਹਮਲੇ ‘ਚ ਸ਼ਾਮਲ ਨੌਜਵਾਨਾਂ ਨੂੰ ਗ੍ਰਨੇਡ ਚਲਾਉਣ ਦੀ ਟ੍ਰੇਨਿੰਗ ਦਿੱਤੀ ਸੀ। ਇਹ ਸਿਖਲਾਈ ਆਨਲਾਈਨ, ਖਾਸ ਕਰਕੇ ਇੰਸਟਾਗ੍ਰਾਮ ਰਾਹੀਂ ਦਿੱਤੀ ਗਈ ਸੀ।
ਪੁਲਸ ਨੇ ਦੱਸਿਆ ਕਿ ਹਮਲੇ ‘ਚ ਪਹਿਲਾਂ ਗ੍ਰਿਫ਼ਤਾਰ ਹੋਏ ਹਾਰਦਿਕ ਕੰਬੋਜ ਦੇ ਮੋਬਾਇਲ ‘ਚੋਂ ਇੱਕ ਵੀਡੀਓ ਮਿਲੀ ਸੀ, ਜਿਸ ‘ਚ ਗ੍ਰਨੇਡ ਚਲਾਉਣ ਦੀ ਟ੍ਰੇਨਿੰਗ ਹੋ ਰਹੀ ਸੀ। ਹਾਰਦਿਕ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਇਹ ਟ੍ਰੇਨਿੰਗ ਆਨਲਾਈਨ ਇੱਕ ਅਣਜਾਣ ਵਿਅਕਤੀ ਵੱਲੋਂ ਦਿੱਤੀ ਗਈ, ਜੋ ਫੌਜ ਦੀ ਵਰਦੀ ‘ਚ ਸੀ ਅਤੇ ਜਿਸ ਨੇ ਆਪਣੇ ਆਪ ਨੂੰ ਫੌਜੀ ਦੱਸਿਆ ਸੀ। ਉਸ ਵਿਅਕਤੀ ਨੇ ਗ੍ਰਨੇਡ ਦੀ ਪਿੰਨ ਕਿਵੇਂ ਕੱਢਣੀ ਹੈ ਅਤੇ ਕਿਵੇਂ ਸੁੱਟਣਾ ਹੈ, ਇਹ ਵੀ ਵਿਸਥਾਰ ਨਾਲ ਦੱਸਿਆ।
ਐੱਸ. ਪੀ. ਸਰਬਜੀਤ ਰਾਏ, ਜੋ ਕਿ ਐੱਸ. ਆਈ. ਟੀ. ਦੇ ਮੁਖੀ ਹਨ, ਨੇ ਪੁਸ਼ਟੀ ਕੀਤੀ ਕਿ ਗ੍ਰਿਫ਼ਤਾਰ ਫੌਜੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਤੋਂ 5 ਦਿਨਾਂ ਦੇ ਪੁਲਸ ਰਿਮਾਂਡ ‘ਤੇ ਉਸਨੂੰ ਹਵਾਲੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਦੇਸ਼ ਦੀ ਸੁਰੱਖਿਆ ਨਾਲ ਸਬੰਧਿਤ ਹੋਣ ਕਰਕੇ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
ਦੱਸਣਯੋਗ ਹੈ ਕਿ ਹੁਣ ਤੱਕ ਇਸ ਮਾਮਲੇ ‘ਚ 8 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਤਾਜ਼ਾ ਗ੍ਰਿਫ਼ਤਾਰੀ ਤੋਂ ਪਹਿਲਾਂ ਚੰਡੀਗੜ੍ਹ ਹਵਾਈ ਅੱਡੇ ਤੋਂ ਮਨਿੰਦਰ ਉਰਫ਼ ਬੌਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਕਿ ਅਸਲੇ ਦੀ ਵਰਤੋਂ ਅਤੇ ਪ੍ਰਬੰਧਨ ‘ਚ ਮੁਲਜ਼ਮ ਪਾਇਆ ਗਿਆ।
ਇਸ ਮਾਮਲੇ ‘ਚ ਜਲੰਧਰ ਦਿਹਾਤੀ ਪੁਲਸ ਪਹਿਲਾਂ ਹੀ ਅੰਮ੍ਰਿਤਪ੍ਰੀਤ ਸਿੰਘ ਉਰਫ਼ ਸੁੱਖਾ, ਹਾਰਦਿਕ ਕੰਬੋਜ, ਧੀਰਜ ਕੁਮਾਰ, ਸੰਤੋਸ਼ ਕੁਮਾਰ ਉਰਫ਼ ਪਾਂਡੇ, ਲਕਸ਼ਮੀ ਅਤੇ ਰੋਹਿਤ ਬਸਰਾ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਐੱਨ. ਆਈ. ਏ. (NIA) ਸਮੇਤ ਹੋਰ ਕੇਂਦਰੀ ਖੁਫੀਆ ਏਜੰਸੀਆਂ ਵੀ ਮਾਮਲੇ ਦੀ ਜਾਂਚ ‘ਚ ਜੁਟੀਆਂ ਹੋਈਆਂ ਹਨ ਅਤੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ।