ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ: ਹਜ਼ੂਰ ਜਸਦੀਪ ਸਿੰਘ ਗਿੱਲ ਨੇ ਕੀਤਾ ਪਹਿਲਾ ਸਤਿਸੰਗ
ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਇੱਕ ਵੱਡੀ ਤੇ ਇਤਿਹਾਸਕ ਖ਼ਬਰ ਸਾਹਮਣੇ ਆਈ ਹੈ। ਮਈ ਮਹੀਨੇ ਦੇ ਪਹਿਲੇ ਭੰਡਾਰੇ ਮੌਕੇ, ਡੇਰਾ ਬਿਆਸ ਦੇ ਨਵੇਂ ਉਤਰਾਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਨੇ ਆਪਣਾ ਪਹਿਲਾ ਸਤਿਸੰਗ ਕੀਤਾ। ਇਹ ਪਹਿਲਾ ਸਤਿਸੰਗ ਸਵੇਰੇ 8:30 ਤੋਂ 9:30 ਵਜੇ ਤੱਕ ਚੱਲਿਆ, ਜਿਸ ਦੌਰਾਨ ਹਜ਼ੂਰ ਨੇ ਸੰਗਤ ਨੂੰ ਨਾਮ ਸਿਮਰਨ ਅਤੇ ਮਨੁੱਖੀ ਜਨਮ ਦੀ ਮਹੱਤਾ ਬਾਰੇ ਪ੍ਰੇਰਕ ਵਿਚਾਰ ਸਾਂਝੇ ਕੀਤੇ।
ਸਤਿਸੰਗ ਦੌਰਾਨ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਸਟੇਜ ‘ਤੇ ਹਾਜ਼ਰ ਰਹੇ, ਜਿਨ੍ਹਾਂ ਵੱਲੋਂ ਪਿਛਲੇ ਸਾਲ 2 ਸਤੰਬਰ 2024 ਨੂੰ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਉਤਰਾਧਿਕਾਰੀ ਘੋਸ਼ਿਤ ਕੀਤਾ ਗਿਆ ਸੀ। 45 ਸਾਲਾ ਜਸਦੀਪ ਸਿੰਘ ਗਿੱਲ, ਜੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰ ਹਨ, ਹੁਣ ਸਰਵਜਨਕ ਤੌਰ ‘ਤੇ ਆਪਣੀ ਸੇਵਾ ਦੀ ਸ਼ੁਰੂਆਤ ਕਰ ਚੁੱਕੇ ਹਨ।
ਹਜ਼ੂਰ ਨੇ ਸਤਿਸੰਗ ਦੌਰਾਨ ਕਿਹਾ ਕਿ ਮਨੁੱਖੀ ਜਨਮ 84 ਲੱਖ ਜੂਨਾਂ ਤੋਂ ਬਾਅਦ ਮਿਲਦਾ ਹੈ ਅਤੇ ਇਸ ਨੂੰ ਰੱਬ ਦੇ ਨਾਮ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਕਮਲ ਦੇ ਫੁੱਲ ਦੀ ਉਧਾਰਣ ਦੇਂਦੇ ਹੋਏ ਕਿਹਾ ਕਿ ਜਿਵੇਂ ਕਮਲ ਗੰਦਗੀ ਵਿੱਚ ਵੀ ਆਪਣੀ ਸੁਗੰਧ ਤੇ ਸੁੰਦਰਤਾ ਬਣਾਈ ਰੱਖਦਾ ਹੈ, ਤਿਵੇਂ ਹੀ ਮਨੁੱਖ ਨੂੰ ਦੁਨੀਆਂ ਦੀ ਹੌੜ ਵਿਚ ਰਹਿ ਕੇ ਵੀ ਰੱਬ ਨਾਲ ਜੁੜਿਆ ਰਹਿਣਾ ਚਾਹੀਦਾ ਹੈ।
ਇਸ ਮੌਕੇ ਸੰਗਤ ਕਾਫੀ ਭਾਵੁਕ ਅਤੇ ਉਤਸ਼ਾਹਤ ਦਿਖਾਈ ਦਿੱਤੀ। ਹਜ਼ੂਰ ਨੇ ਅਖੀਰ ਵਿੱਚ ਐਲਾਨ ਕੀਤਾ ਕਿ ਅਗਲਾ ਸਤਿਸੰਗ 11 ਮਈ ਨੂੰ ਹੋਵੇਗਾ ਅਤੇ ਸਾਰੇ ਸਦਸਿਆਂ ਨੂੰ ਖੁੱਲ੍ਹੇ ਦਿਲ ਨਾਲ ਸ਼ਾਮਲ ਹੋਣ ਦਾ ਨਿਮੰਤਰਣ ਦਿੱਤਾ।
ਇਸ ਤੋਂ ਪਹਿਲਾਂ, 30 ਅਪ੍ਰੈਲ ਨੂੰ ਹੋਏ ਸਤਿਸੰਗ ਦੌਰਾਨ ਵੀ ਹਜ਼ੂਰ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਸਟੇਜ ‘ਤੇ ਮੌਜੂਦ ਰਹੇ ਸਨ।
ਮਾਰਚ ਦੇ ਆਖਰੀ ਭੰਡਾਰੇ ਮੌਕੇ ਡੇਰਾ ਬਿਆਸ ਵਿਖੇ ਲਗਭਗ 10 ਲੱਖ ਸੰਗਤਾਂ ਇਕੱਠੀ ਹੋਈ ਸੀ, ਜਿਸ ਕਰਕੇ ਸਤਿਸੰਗ ਪੰਡਾਲ ਛੋਟਾ ਪੈ ਗਿਆ। ਇਸ ਦੌਰਾਨ 10 ਹਜ਼ਾਰ ਤੋਂ ਵੱਧ ਸੇਵਾਦਾਰਾਂ ਨੇ ਟ੍ਰੈਫਿਕ, ਭੋਜਨ, ਸਫਾਈ ਅਤੇ ਸੰਗਤ ਦੀ ਸਹੂਲਤ ਲਈ ਦਿਨ-ਰਾਤ ਸੇਵਾ ਨਿਭਾਈ।
ਡੇਰਾ ਬਿਆਸ ਦੇ ਇਤਿਹਾਸ ‘ਚ ਇਹ ਇੱਕ ਨਵਾਂ ਚੈਪਟਰ ਸ਼ੁਰੂ ਹੋਇਆ ਹੈ, ਜਿੱਥੇ ਨਵੇਂ ਅਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਦੀ ਆਗੂਈ ਹੇਠ ਸਤਿਸੰਗਾਂ ਦੀ ਲੜੀ ਅੱਗੇ ਵਧ ਰਹੀ ਹੈ।