ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ

ਪੰਜਾਬ ‘ਚ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ ਹੈ। ਅਗਲੇ ਹਫ਼ਤੇ ਤਕ ਸਾਰੇ ਰਾਸ਼ਨ ਡਿਪੂਆਂ ‘ਤੇ ਜਨਵਰੀ-ਮਾਰਚ 2025 ਤਕ ਦੀ ਤਿਮਾਹੀ ਲਈ ਕਣਕ ਪਹੁੰਚ ਸਕਦੀ ਹੈ, ਜਿਸ ਦੀ ਵੰਡ ਲਾਭਪਾਤਰੀਆਂ ਨੂੰ ਕੀਤੀ ਜਾਵੇਗੀ। ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਵਿਭਾਗ ਦੇ ਮੁੱਖ ਦਫ਼ਤਰ ਅਨਾਜ ਭਵਨ ਵਿਖੇ ਹੋਈ ਸਮੀਖਿਆ ਮੀਟਿੰਗ ਦੌਰਾਨ ਦਿੱਤੀ ਗਈ।

ਅਧਿਕਾਰੀਆਂ ਨੂੰ ਵੰਡ ‘ਚ ਪਾਰਦਰਸ਼ੀਤਾ ਅਤੇ ਤੇਜ਼ੀ ਲਿਆਉਣ ਦੇ ਹੁਕਮ

ਮੰਤਰੀ ਨੇ ਸਾਰੇ ਡਿਪਟੀ ਡਾਇਰੈਕਟਰ (ਫੀਲਡ) ਅਤੇ ਜ਼ਿਲ੍ਹਾ ਕੰਟਰੋਲਰਾਂ ਨੂੰ ਹੁਕਮ ਦਿੱਤੇ ਕਿ ਰਾਸ਼ਨ ਵੰਡ ‘ਚ ਪੂਰੀ ਪਾਰਦਰਸ਼ੀਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਮੇਂ-ਸਿਰ ਰਾਸ਼ਨ ਡਿਪੂਆਂ ‘ਤੇ ਕਣਕ ਪਹੁੰਚਾਉਣ, ਚੈਕਿੰਗ ਕਰਨ ਅਤੇ ਲਾਭਪਾਤਰੀਆਂ ਨੂੰ ਵੰਡ ਦੀ ਵਿਅਕਤੀਗਤ ਤਸਦੀਕ ਕਰਨ ਦੀ ਹਦਾਇਤ ਦਿੱਤੀ।

28 ਫਰਵਰੀ ਤਕ ਪੂਰੀ ਕਣਕ ਡਿਪੂਆਂ ‘ਤੇ ਪਹੁੰਚਣੀ ਲਾਜ਼ਮੀ

ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 28 ਫਰਵਰੀ ਤਕ ਸਾਰੇ ਰਾਸ਼ਨ ਡਿਪੂਆਂ ‘ਤੇ ਕਣਕ ਪਹੁੰਚ ਚੁੱਕੀ ਹੋਣੀ ਚਾਹੀਦੀ ਹੈ। ਭਾਰ ਤੋਲਣ ਵਾਲੇ ਕੰਡਿਆਂ ਦੀ ਇੰਟੀਗਰੇਸ਼ਨ ਅਤੇ ਈ-ਪੋਜ਼ ਮਸ਼ੀਨਾਂ ਰਾਹੀਂ ਵੰਡ ‘ਚ ਪੂਰੀ ਸਫ਼ਾਈ ਰੱਖਣ ਲਈ ਵੀ ਕਿਹਾ ਗਿਆ।

ਕਣਕ ਖਰੀਦ ਸੀਜ਼ਨ 2025 ਲਈ ਵੀ ਤਿਆਰੀਆਂ

ਅਪ੍ਰੈਲ 2025 ਤੋਂ ਸ਼ੁਰੂ ਹੋਣ ਵਾਲੇ ਕਣਕ ਖਰੀਦ ਸੀਜ਼ਨ ਲਈ ਸਾਰੇ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਪੂਰੇ ਕਰਨ ਦੇ ਹੁਕਮ ਦਿੱਤੇ ਗਏ। ਕਿਸਾਨਾਂ ਨੂੰ ਕਿਸੇ ਵੀ ਤਕਲੀਫ਼ ਤੋਂ ਬਚਾਉਣ, ਮੰਡੀਆਂ ‘ਚ ਸਮੇਂ-ਸਿਰ ਲਿਫਟਿੰਗ ਅਤੇ ਸੁਰੱਖਿਅਤ ਸਟੋਰੇਜ ਦੇ ਉਚਿਤ ਇੰਤਜ਼ਾਮ ਕਰਨ ‘ਤੇ ਭੀ ਜ਼ੋਰ ਦਿੱਤਾ ਗਿਆ।

ਕਣਕ ਦੀ ਵੰਡ ‘ਚ ਸੁਸਤ ਜ਼ਿਲ੍ਹਿਆਂ ‘ਤੇ ਵਿਸ਼ੇਸ਼ ਧਿਆਨ

ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਅਤੇ ਡਾਇਰੈਕਟਰ ਪੁਨੀਤ ਗੋਇਲ ਨੇ ਜ਼ਿਲ੍ਹਾ-ਵਾਰ ਰਿਪੋਰਟ ਦੀ ਸਮੀਖਿਆ ਕਰਕੇ ਕਣਕ ਵੰਡ ‘ਚ ਪਿੱਛੇ ਰਹੇ ਜ਼ਿਲ੍ਹਿਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਸਰਕਾਰੀ ਟੀਚਿਆਂ ‘ਤੇ ਤੇਜ਼ੀ ਨਾਲ ਕੰਮ ਕਰਨ ਅਤੇ ਲਾਭਪਾਤਰੀਆਂ ਨੂੰ ਕੋਈ ਮੁਸ਼ਕਲ ਨਾ ਆਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ।

Leave a Reply

Your email address will not be published. Required fields are marked *