ਡੇਰਾ ਬਿਆਸ ਵੱਲੋਂ ਵੱਡਾ ਫੈਸਲਾ: ਵੀ.ਆਈ.ਪੀ. ਕਲਚਰ ਕੀਤਾ ਖ਼ਤਮ
ਡੇਰਾ ਬਿਆਸ ਨੇ ਸੰਗਤ ਲਈ ਇੱਕ ਮਹੱਤਵਪੂਰਨ ਅਤੇ ਸ਼ਲਾਘਾਯੋਗ ਫ਼ੈਸਲਾ ਲਿਆ ਹੈ। ਹੁਣ ਡੇਰੇ ਵਿਚ ਵੀ.ਆਈ.ਪੀ. ਕਲਚਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ, ਸਤਿਸੰਗ ਦੌਰਾਨ ਪਹਿਲਾਂ ਜਾਰੀ ਕੀਤੇ ਜਾਣ ਵਾਲੇ ਵੀ.ਆਈ.ਪੀ. ਪਾਸ ਹੁਣ ਡੇਰਾ ਮੁਖੀ ਦੇ ਫੈਸਲੇ ਅਨੁਸਾਰ ਰੱਦ ਕਰ ਦਿੱਤੇ ਗਏ ਹਨ। ਡੇਰੇ ਵੱਲੋਂ ਇਸ ਨੂੰ ਬਰਾਬਰੀ ਦੀ ਮਿਸਾਲ ਕਹਿੰਦੇ ਹੋਏ ਦੱਸਿਆ ਗਿਆ ਹੈ ਕਿ ਹੁਣ ਹਰ ਸੰਗਤ ਇੱਕੋ ਜੇਹੀ ਹੋਵੇਗੀ ਅਤੇ ਕੋਈ ਵੀ ਵਿਸ਼ੇਸ਼ ਵਰਗ ਦੀ ਪ੍ਰਥਾ ਨਹੀਂ ਰਹੇਗੀ।
ਜਿਹੜੀਆਂ ਜਗ੍ਹਾਂ ਪਹਿਲਾਂ ਵੀ.ਆਈ.ਪੀ. ਲਈ ਖਾਸ ਰੱਖੀਆਂ ਜਾਂਦੀਆਂ ਸਨ, ਹੁਣ ਉੱਥੇ ਹਰ ਸ਼ਰਧਾਲੂ ਇਕਸਾਰ ਬੈਠ ਸਕੇਗਾ। ਡੇਰੇ ਦੇ ਇਸ ਫੈਸਲੇ ਨਾਲ ਸ਼ਰਧਾਲੂਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਡੇਰੇ ਦੀ ਸਮਾਨਤਾ ਦੀ ਮਿਸਾਲ ਹੈ, ਜਿਸ ਨਾਲ ਸੰਗਤ ਵਿਚ ਹੋਰ ਵੀ ਯਕਜਹਤੀ ਵਧੇਗੀ।
ਡੇਰਾ ਬਿਆਸ ਦੇਸ਼ ਭਰ ਵਿੱਚ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਸਤਿਸੰਗਾਂ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੁੰਦੀ ਹੈ। ਇਸ ਫੈਸਲੇ ਨਾਲ ਸੰਗਤ ਦਾ ਆਤਮ-ਗੌਰਵ ਵਧਿਆ ਹੈ ਅਤੇ ਉਹ ਇਸ ਨੂੰ ਸਵਾਗਤਯੋਗ ਕਦਮ ਮੰਨਦੇ ਹਨ।