ਲੁਧਿਆਣਾ ਪੁਲਸ ਵੱਲੋਂ ਵੱਡਾ ਐਕਸ਼ਨ, ਸਾਰੇ ਕੰਟਰੋਲ ਯੂਨਿਟ ਹੁਣ ਹੋਣਗੇ ਇਕੱਠੇ
ਲੁਧਿਆਣਾ ਵਿਚ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਹਾਲਾਤਾਂ ਲਈ ਤੁਰੰਤ ਕਾਰਵਾਈ ਨੂੰ ਲੈ ਕੇ ਪੁਲਸ ਵੱਲੋਂ ਵੱਡੀ ਪਹਿਲ ਕੀਤੀ ਗਈ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਐਲਾਨ ਕੀਤਾ ਕਿ ਸੇਫ ਸਿਟੀ ਕੈਮਰਾ ਨੈੱਟਵਰਕ, ਵਾਇਰਲੈੱਸ ਸੰਚਾਰ, 112 ਹੈਲਪਲਾਈਨ ਅਤੇ ਜ਼ਿਲ੍ਹਾ ਕੰਟਰੋਲ ਸੈਂਟਰ ਨੂੰ ਹੁਣ ਇਕ ਏਕੀਕ੍ਰਿਤ ਕਮਾਂਡ ਸੈਂਟਰ ਹੇਠ ਲਿਆਂਦਾ ਜਾ ਰਿਹਾ ਹੈ।
ਪੁਲਸ ਲਾਈਨਜ਼ ਵਿਖੇ ਨਿਰੀਖਣ ਦੌਰਾਨ ਕਮਿਸ਼ਨਰ ਨੇ ਦੱਸਿਆ ਕਿ ਅਜੇ ਤਕ ਖਿੰਡੇ ਹੋਏ ਕੰਟਰੋਲ ਯੂਨਿਟਾਂ ਨੂੰ ਇਕ ਛੱਤ ਹੇਠ ਲਿਆਉਣ ਨਾਲ ਕਾਰਜਸ਼ੀਲਤਾ ‘ਚ ਵਾਧਾ ਹੋਵੇਗਾ, ਸਟਾਫ ਵਿਚ ਬਿਹਤਰ ਤਾਲਮੇਲ ਬਣੇਗਾ ਅਤੇ ਡਿਊਟੀ ਰੋਸਟਰ ਵੀ ਹੋਰ ਪ੍ਰਭਾਵਸ਼ਾਲੀ ਬਣੇਗਾ।
ਇਹ ਨਵਾਂ ਪ੍ਰਣਾਲੀਕਤ ਡੰਢਾ ਟ੍ਰੈਫਿਕ ਪੁਲਸ, ਪੀ.ਸੀ.ਆਰ. ਟੀਮਾਂ ਅਤੇ ਕੰਟਰੋਲ ਸੈਂਟਰ ਸਟਾਫ ਨੂੰ ਇਕਠੇ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ, ਜਿਸ ਨਾਲ ਸੜਕ ਹਾਦਸਿਆਂ, ਟ੍ਰੈਫਿਕ ਜਾਮ, ਛੋਟੇ ਅਪਰਾਧਾਂ ਅਤੇ ਹੋਰ ਐਮਰਜੈਂਸੀ ਹਾਲਾਤਾਂ ਵਿੱਚ ਤੇਜ਼ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਕਮਿਸ਼ਨਰ ਸ਼ਰਮਾ ਨੇ ਕਿਹਾ ਕਿ ਇਹ ਰਣਨੀਤਕ ਬਦਲਾਅ ਮੁੱਖ ਮੰਤਰੀ ਭਗਵੰਤ ਮਾਨ ਦੀ ਜਨਤਕ ਸੁਰੱਖਿਆ ਸੰਬੰਧੀ ਵਚਨਬੱਧਤਾ ਦਾ ਹਿੱਸਾ ਹੈ, ਜੋ ਕਿ ਨਾਜ਼ੁਕ ਹਾਲਾਤਾਂ ਵਿਚ ਫੌਰੀ ਅਤੇ ਪ੍ਰਭਾਵਸ਼ਾਲੀ ਪੁਲਸ ਜਵਾਬ ਨੂੰ ਯਕੀਨੀ ਬਣਾਏਗਾ।