ਜੰਗਬੰਦੀ ਮਗਰੋਂ ਅੱਜ ਤੋਂ ਮੁੜ ਸ਼ੁਰੂ ਹੋਵੇਗੀ ਅਟਾਰੀ-ਵਾਹਗਾ ਰਿਟ੍ਰੀਟ ਸੈਰੇਮਨੀ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ ਕਾਰਨ ਬੰਦ ਕੀਤੀ ਗਈ ਰਿਟ੍ਰੀਟ ਸੈਰੇਮਨੀ ਹੁਣ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਕਾਰ 10 ਮਈ ਨੂੰ ਹੋਈ ਜੰਗਬੰਦੀ ਸਹਿਮਤੀ ਤੋਂ ਬਾਅਦ ਹਾਲਾਤ ਹੁਣ ਕੁਝ ਹੱਦ ਤੱਕ ਨਿਯੰਤਰਣ ‘ਚ ਹਨ, ਜਿਸ ਮਗਰੋਂ ਇਹ ਪ੍ਰਤੀਕਾਤਮਕ ਰਵਾਇਤੀ ਸਮਾਗਮ ਫਿਰ ਤੋਂ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਅੱਜ ਸ਼ਾਮ 6 ਵਜੇ ਤੋਂ ਅਟਾਰੀ-ਵਾਹਗਾ, ਹੁਸੈਨੀਵਾਲਾ ਅਤੇ ਸਾਦਕੀ ਬਾਰਡਰ ‘ਤੇ ਰਿਟ੍ਰੀਟ ਸੈਰੇਮਨੀ ਮੁੜ ਸ਼ੁਰੂ ਹੋ ਜਾਵੇਗੀ। ਹਾਲਾਂਕਿ ਅੱਜ ਸਿਰਫ਼ ਮੀਡੀਆ ਪ੍ਰਤੀਨਿਧੀਆਂ ਨੂੰ ਹੀ ਸਮਾਗਮ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਹੋਏਗੀ, ਪਰ ਭਲਕੇ (ਬੁੱਧਵਾਰ) ਤੋਂ ਆਮ ਦਰਸ਼ਕ ਵੀ ਪਹਿਲਾਂ ਵਾਂਗ ਇਸ ਰੌਣਕ ਦਾ ਹਿੱਸਾ ਬਣ ਸਕਣਗੇ।
ਇਹ ਵੀ ਦੱਸਣਾ ਯੋਗ ਹੈ ਕਿ ਹਾਲਾਂਕਿ ਸੈਰੇਮਨੀ ਮੁੜ ਸ਼ੁਰੂ ਕੀਤੀ ਜਾ ਰਹੀ ਹੈ, ਪਰ ਇਸ ਵਾਰੀ ਦੋਵਾਂ ਦੇਸ਼ਾਂ ਦੇ ਰੇਂਜਰ ਹੱਥ ਨਹੀਂ ਮਿਲਾਉਣਗੇ ਅਤੇ ਗੇਟ ਵੀ ਬੰਦ ਰਹਿਣਗੇ। ਇਨ੍ਹਾਂ ਬਦਲਾਅ ਦੇ ਜ਼ਰੀਏ ਦੋਵਾਂ ਪਾਸਿਆਂ ਨੇ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨੀ ਵਰਤੀ ਹੈ।
ਇਸ ਦੇ ਨਾਲ ਹੀ, ਸਰਹੱਦ ਨੇੜਲੇ ਖੇਤਰਾਂ ਵਿੱਚ ਕਿਸਾਨਾਂ ਲਈ ਸੁਵਿਧਾ ਵਧਾਉਂਦੇ ਹੋਏ ਕੰਡਿਆਲੀਆਂ ਤਾਰਾਂ ਹਟਾ ਦਿੱਤੀਆਂ ਗਈਆਂ ਹਨ, ਤਾਂ ਜੋ ਉਹ ਆਪਣੀ ਖੇਤੀਬਾੜੀ ਦੀ ਰੋਜ਼ਮਰ੍ਹਾ ਸਰਗਰਮੀ ਜਾਰੀ ਰੱਖ ਸਕਣ।
ਯਾਦ ਰਹੇ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਖੇ ਹੋਏ ਭਿਆਨਕ ਅੱਤਵਾਦੀ ਹਮਲੇ ‘ਚ 26 ਨਿਰਦੋਸ਼ ਲੋਕ ਮਾਰੇ ਗਏ ਸਨ। ਇਸ ਦਾ ਕਰਾਰਾ ਜਵਾਬ ਦਿੰਦਿਆਂ ਭਾਰਤ ਨੇ 6 ਮਈ ਦੀ ਰਾਤ ‘ਆਪਰੇਸ਼ਨ ਸਿੰਦੂਰ’ ਅੰਦਰ ਪਾਕਿਸਤਾਨ ਦੇ ਅੰਦਰੂਨੀ ਇਲਾਕਿਆਂ ‘ਚ ਅੱਤਵਾਦੀ ਠਿਕਾਣਿਆਂ ‘ਤੇ ਵੱਡੀ ਕਾਰਵਾਈ ਕੀਤੀ ਸੀ, ਜਿਸ ‘ਚ 100 ਤੋਂ ਵੱਧ ਅੱਤਵਾਦੀ ਢੇਰ ਕੀਤੇ ਗਏ ਸਨ।