ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦੀ ਪਿੰਡਾਂ ‘ਚ ਡਰ ਦਾ ਮਾਹੌਲ, ਗੁਰਦੁਆਰਿਆਂ ਰਾਹੀਂ ਹੋ ਰਹੀਆਂ ਅਨਾਊਂਸਮੈਂਟਾਂ
ਪਹਿਲਗਾਮ ‘ਚ ਹੋਏ ਅਤਿਵਾਦੀ ਹਮਲੇ ‘ਚ 26 ਸੈਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਤਣਾਅ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਗੁਰਦਾਸਪੁਰ ਦੇ ਸਰਹੱਦੀ ਪਿੰਡ ਚੌਤਰਾ ਸਮੇਤ ਕਈ ਪਿੰਡਾਂ ਵਿੱਚ ਗੁਰਦੁਆਰਾ ਸਾਹਿਬਾਂ ਰਾਹੀਂ ਲਗਾਤਾਰ ਅਨਾਊਂਸਮੈਂਟਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਸਥਾਨਕ ਲੋਕਾਂ ਨੇ ਆਪਣਾ ਡਰ ਜ਼ਾਹਿਰ ਕਰਦਿਆਂ ਆਖਿਆ ਕਿ ਜੰਗ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਲੱਭਣਾ ਚਾਹੀਦਾ ਹੈ। ਤਣਾਅ ਕਾਰਨ ਲੋਕਾਂ ਨੇ ਕਮਿਊਨਿਟੀ ਬੰਕਰਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਮੀਨ ਸੰਭਾਲਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਫਸਲ ਕਟਾਈ ‘ਚ ਤੇਜ਼ੀ
ਸਰਹੱਦੀ ਖੇਤਰ ਦੇ ਕਿਸਾਨਾਂ ਮੁਤਾਬਕ ਸਰਕਾਰੀ ਮਿਨਾਊਣਸ ਰਾਹੀਂ ਲੋਕਾਂ ਨੂੰ ਦੋ ਦਿਨਾਂ ਵਿੱਚ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ‘ਚੋਂ ਫਸਲ ਦੀ ਕਟਾਈ ਪੂਰੀ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਕਈ ਥਾਵਾਂ ‘ਤੇ ਫਸਲ ਪਹਿਲਾਂ ਹੀ ਕੱਟੀ ਜਾ ਚੁੱਕੀ ਹੈ ਤੇ ਹੋਰ ਥਾਵਾਂ ‘ਤੇ ਕੰਮ ਜਾਰੀ ਹੈ।
ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਕਰੀਬ 550 ਕਿਲੋਮੀਟਰ ਲੰਮੀ ਸਰਹੱਦ ‘ਤੇ ਕੰਡਿਆਲੀ ਤਾਰ ਤੋਂ ਪਾਰ ਲਗਭਗ 30 ਹਜ਼ਾਰ ਏਕੜ ਜ਼ਮੀਨ ਹੈ, ਜਿਸ ਉੱਤੇ ਹੁਣ ਕਣਕ ਦੀ ਫਸਲ ਖੜੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੰਗ ਦੇ ਖ਼ਦਸ਼ੇ ਕਰਕੇ ਉਹ ਆਪਣੇ ਖੇਤਾਂ ਦੀ ਸੰਭਾਲ ਜਲਦੀ ਨਾਲ ਕਰ ਰਹੇ ਹਨ।
ਸਰਹੱਦੀ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ
ਜੰਗ ਦੇ ਖ਼ਦਸ਼ੇ ਕਰਕੇ ਪਿੰਡਾਂ ‘ਚ ਚਿੰਤਾ ਦੀ ਲਹਿਰ ਹੈ। ਲੋਕਾਂ ਨੇ ਉਮੀਦ ਜਤਾਈ ਹੈ ਕਿ ਹਾਲਾਤ ਵਿਗੜਣ ਦੀ ਥਾਂ ਦੋਨੋ ਪੱਖਾਂ ਵੱਲੋਂ ਸ਼ਾਂਤੀ ਅਤੇ ਗੱਲਬਾਤ ਰਾਹੀਂ ਮਾਮਲਿਆਂ ਨੂੰ ਸੁਲਝਾਇਆ ਜਾਵੇ।