ਮਹਾਕੁੰਭ ‘ਚ ਕਿੰਨਰ ਹਿਮਾਂਗੀ ਸਖੀ ‘ਤੇ ਜਾਨਲੇਵਾ ਹਮਲਾ, ਪੁਲਸ ਜਾਂਚ ਜਾਰੀ
ਐਤਵਾਰ ਰਾਤ ਨੂੰ ਪ੍ਰਯਾਗਰਾਜ ਦੇ ਮਹਾਕੁੰਭ ਨਗਰ ‘ਚ ਹਮਲਾਵਰਾਂ ਨੇ ਇੱਕ ਕੈਂਪ ‘ਤੇ ਹਮਲਾ ਕੀਤਾ, ਜਿਸ ‘ਚ ਕਿੰਨਰ ਜਗਦਗੁਰੂ ਹਿਮਾਂਗੀ ਸਖੀ ਗੰਭੀਰ ਜ਼ਖਮੀ ਹੋ ਗਈ। ਹਮਲਾਵਰਾਂ ਨੇ ਉਸ ਦੇ ਕੈਂਪ ਨੂੰ ਘੇਰ ਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਮਲਾਵਰ ਕਿੰਨਰ ਅਖਾੜੇ ਦੇ ਆਚਾਰਿਆ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਨਾਲ ਸਬੰਧਿਤ ਹੋ ਸਕਦੇ ਹਨ।
ਹਮਲੇ ਤੋਂ ਪਹਿਲਾਂ ਹਿਮਾਂਗੀ ਸਖੀ ਨੇ ਕਿੰਨਰ ਅਖਾੜੇ ਦੇ ਫੈਸਲਿਆਂ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਫਿਲਮ ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ ‘ਤੇ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮਮਤਾ ਕੁਲਕਰਨੀ ਦਾ ਵਿਵਾਦਪੂਰਨ ਅਤੀਤ ਅਤੇ ਡੀ ਕੰਪਨੀ ਨਾਲ ਸੰਬੰਧ ਸਮਾਜ ਲਈ ਚਿੰਤਾ ਦੀ ਗੱਲ ਹੈ।
ਹਿਮਾਂਗੀ ਸਖੀ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ, “ਕਿੰਨਰ ਅਖਾੜਾ ਕਿੰਨਰ ਭਾਈਚਾਰੇ ਲਈ ਬਣਾਇਆ ਗਿਆ ਸੀ, ਪਰ ਹੁਣ ਇਸ ‘ਚ ਔਰਤਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਔਰਤਾਂ ਨੂੰ ਅਹੁਦੇ ਦੇ ਰਹੇ ਹੋ, ਤਾਂ ਅਖਾੜੇ ਦਾ ਨਾਮ ਬਦਲ ਦਿਓ।” ਉਨ੍ਹਾਂ ਨੇ ਮਮਤਾ ਕੁਲਕਰਨੀ ਦੀ ਨਿਯੁਕਤੀ ‘ਤੇ ਕਿਹਾ, “ਇਹ ਅਜਿਹਾ ‘ਗੁਰੂ’ ਸਮਾਜ ਨੂੰ ਕੀ ਦੇ ਰਹੇ ਹਨ, ਜਿਨ੍ਹਾਂ ਦਾ ਅਤੀਤ ਵਿਵਾਦਿਤ ਰਿਹਾ ਹੈ?”
ਹਮਲਾਵਰ ਫਾਰਚੂਨਰ ਕਾਰ ‘ਚ ਆਏ, ਉਨ੍ਹਾਂ ਕੋਲ ਤ੍ਰਿਸ਼ੂਲ ਅਤੇ ਕੁਹਾੜੀ ਸੀ। ਇਹ ਹਮਲਾ ਸੈਕਟਰ 8 ‘ਚ ਸਥਿਤ ਕੈਂਪ ‘ਚ ਹੋਇਆ, ਜੋ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਿਆ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਕਾਬੂ ‘ਚ ਕੀਤੀ ਅਤੇ ਹੁਣ ਮਾਮਲੇ ਦੀ ਜਾਂਚ ਜਾਰੀ ਹੈ।