ਨਸ਼ੇ ‘ਚ ASI ਨੇ ਨੌਜਵਾਨਾਂ ‘ਤੇ ਚੜ੍ਹਾਈ ਗੱਡੀ, ਪੁਲਸ ਮੁਲਾਜ਼ਮ ‘ਤੇ ਗੰਭੀਰ ਦੋਸ਼
ਜਲੰਧਰ ਦੇ ਜਨਤਾ ਕਾਲੋਨੀ ਵਿੱਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ‘ਚ ਧੁਤ ਏ.ਐੱਸ.ਆਈ. ਨੇ ਆਪਣੀ ਗੱਡੀ 3 ਨੌਜਵਾਨਾਂ ‘ਤੇ ਚੜ੍ਹਾ ਦਿੱਤੀ। ਹਾਦਸੇ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਬਾਕੀ ਦੋ ਨੇ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾਈ। ਗੱਡੀ ਚਲਾਉਣ ਵਾਲਾ ASI ਹਾਦਸੇ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ।
ਨੌਜਵਾਨਾਂ ਨੇ ਲਗਾਏ ASI ‘ਤੇ ਦੋਸ਼
ਪੀੜਤ ਨੌਜਵਾਨ ਬਾਵਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਿਤਿਨ ਅਤੇ ਦੀਪ ਦੇ ਨਾਲ ਗੁਰਦੁਆਰਾ ਸਾਹਿਬ ਨੇੜੇ ਖੜਾ ਸੀ, ਜਦੋਂ ASI ਨੇ ਉਨ੍ਹਾਂ ‘ਤੇ ਗੱਡੀ ਚੜ੍ਹਾ ਦਿੱਤੀ। ਨੌਜਵਾਨਾਂ ਮੁਤਾਬਕ, ASI ਨਸ਼ੇ ‘ਚ ਹੋਣ ਕਰਕੇ ਗੱਡੀ ਠੀਕ ਤਰੀਕੇ ਨਾਲ ਨਹੀਂ ਚਲਾ ਰਿਹਾ ਸੀ, ਜਿਸ ਬਾਰੇ ਉਨ੍ਹਾਂ ਨੇ ਸਮਝਾਇਆ, ਪਰ ਉਸ ਨੇ ਜਵਾਬ ਵਿੱਚ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਪੁਲਸ ‘ਤੇ ਵੀ ਲਾਪਰਵਾਹੀ ਦੇ ਦੋਸ਼, ਪਰਿਵਾਰ ਨੇ ਕੀਤਾ ਧਰਨਾ
ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਘਟਨਾ ਦੀ ਸੂਚਨਾ ਕਈ ਵਾਰ ਥਾਣਾ ਨੰਬਰ 1 ਨੂੰ ਦਿੱਤੀ ਗਈ, ਪਰ ਪੁਲਸ ਮੌਕੇ ‘ਤੇ ਨਹੀਂ ਪੁੱਜੀ। ਗੁੱਸੇ ਵਿੱਚ ਆ ਕੇ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ASI ਦੇ ਘਰ ਸਾਹਮਣੇ ਧਰਨਾ ਲਗਾਇਆ।
ਪੁਲਸ ਵੱਲੋਂ ਜਾਂਚ ਦੀ ਗੱਲ
ਥਾਣਾ ਨੰਬਰ 1 ਦੇ ਇੰਚਾਰਜ ਅਜਾਇਬ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।