AR Rahman ਨੂੰ ਦਿੱਲੀ ਹਾਈ ਕੋਰਟ ਵੱਲੋਂ ਵੱਡਾ ਝਟਕਾ, 2 ਕਰੋੜ ਰੁਪਏ ਜਮ੍ਹਾ ਕਰਨ ਦੇ ਹੁਕਮ
ਆਸਕਰ ਜੇਤੂ ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਕਾਪੀਰਾਈਟ ਉਲੰਘਣਾ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਰਹਿਮਾਨ ਅਤੇ ਮਦਰਾਸ ਟਾਕੀਜ਼ ਨੂੰ 2 ਕਰੋੜ ਰੁਪਏ ਅਦਾਲਤ ਦੀ ਰਜਿਸਟਰੀ ਵਿੱਚ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਇਹ ਮਾਮਲਾ ਤਾਮਿਲ ਫਿਲਮ ‘Ponniyin Selvan 2’ ਦੇ ਗੀਤ ‘ਵੀਰਾ ਰਾਜਾ ਵੀਰਾ’ ਨੂੰ ਲੈ ਕੇ ਹੈ, ਜਿਸ ਉੱਤੇ ਡਾਗਰ ਭਰਾਵਾਂ ਦੀ ਸ਼ਿਵ ਸਤੂਤੀ ਦੀ ਰਚਨਾ ਦੀ ਨਕਲ ਹੋਣ ਦੇ ਦੋਸ਼ ਲੱਗੇ ਹਨ।
ਅਦਾਲਤ ਨੇ ਆਪਣੇ ਅੰਤਰਿਮ ਹੁਕਮ ਵਿੱਚ ਕਿਹਾ ਕਿ ਇਹ ਗੀਤ ਕੇਵਲ ਪ੍ਰੇਰਿਤ ਨਹੀਂ, ਸਗੋਂ ਸ਼ਿਵ ਸਤੂਤੀ ਨਾਲ ਕਾਫੀ ਸਮਾਨਤਾ ਰੱਖਦਾ ਹੈ। ਜਸਟਿਸ ਪ੍ਰਤਿਭਾ ਐਮ. ਸਿੰਘ ਨੇ ਇਹ ਵੀ ਆਦੇਸ਼ ਦਿੱਤਾ ਕਿ ਰਹਿਮਾਨ ਅਤੇ ਮਦਰਾਸ ਟਾਕੀਜ਼ ਨੂੰ ਡਾਗਰ ਭਰਾਵਾਂ ਨੂੰ ਆਨਲਾਈਨ ਪਲੇਟਫਾਰਮਾਂ ‘ਤੇ ਕ੍ਰੈਡਿਟ ਦੇਣਾ ਹੋਵੇਗਾ ਅਤੇ ਉਨ੍ਹਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਕਾਰਵਾਈ ਉਸਤਾਦ ਫੈਯਾਜ਼ ਵਸੀਫੁਦੀਨ ਡਾਗਰ ਵੱਲੋਂ ਦਾਇਰ ਕੀਤੇ ਗਏ ਮੁਕੱਦਮੇ ਤੋਂ ਬਾਅਦ ਹੋਈ, ਜਿਨ੍ਹਾਂ ਦੇ ਪਿਤਾ ਨਾਸਿਰ ਫੈਯਾਜ਼ੁਦੀਨ ਡਾਗਰ ਅਤੇ ਚਾਚਾ ਐਨ. ਜ਼ਹੀਰੂਦੀਨ ਡਾਗਰ ਨੂੰ ਮੂਲ ਰਚਨਾ ਦੇ ਸੰਗੀਤਕਾਰ ਮੰਨਿਆ ਜਾਂਦਾ ਹੈ।
ਰਹਿਮਾਨ ਅਤੇ ਮਦਰਾਸ ਟਾਕੀਜ਼ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਗੀਤ 13ਵੀਂ ਸਦੀ ਦੇ ਕਵੀ ਨਾਰਾਇਣ ਪੰਡਿਤਚਾਰਿਆ ਦੀ ਰਚਨਾ ਤੋਂ ਪ੍ਰੇਰਿਤ ਹੈ ਅਤੇ ਡਾਗਰ ਪਰਿਵਾਰ ਵੱਲੋਂ ਕੀਤੀ ਗਈ ਅਰਜ਼ੀ ਸਿਰਫ ਵਿੱਤੀ ਲਾਭ ਹਾਸਲ ਕਰਨ ਲਈ ਕੀਤੀ ਗਈ ਹੈ।