ਭਾਰਤ-ਪਾਕਿ ਤਣਾਅ ਦੇ ਵਿਚਾਲੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਤੇ ਪਾਬੰਦੀ, ਪ੍ਰਸ਼ਾਸਨ ਵੱਲੋਂ ਚਿਤਾਵਨੀ ਜਾਰੀ
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਦੇ ਮੱਦੇਨਜ਼ਰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਜ਼ਰੂਰੀ ਚੀਜ਼ਾਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦੇ ਹੋਏ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਫਿਰੋਜ਼ਪੁਰ, ਮੋਹਾਲੀ ਅਤੇ ਜਲਾਲਾਬਾਦ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਨੇ ਭੰਡਾਰਨ ਜਾਂ ਕਾਲਾਬਾਜ਼ਾਰੀ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫਿਰੋਜ਼ਪੁਰ ‘ਚ ਪਾਬੰਦੀ ਦੇ ਹੁਕਮ
ਜ਼ਿਲ੍ਹਾ ਮੈਜਿਸਟ੍ਰੇਟ ਦੀਪਸ਼ਿਖਾ ਸ਼ਰਮਾ ਨੇ ਜ਼ਿਲ੍ਹੇ ‘ਚ ਅਨਾਜ, ਦੁੱਧ, ਪੈਟਰੋਲ, ਡੀਜ਼ਲ, ਚਾਰਾ, ਦਵਾਈਆਂ ਅਤੇ ਹੋਰ ਰੋਜ਼ਾਨਾ ਲੋੜ ਦੀਆਂ ਵਸਤਾਂ ਦੀ ਜਮ੍ਹਾਂਖੋਰੀ ‘ਤੇ ਰੋਕ ਲਗਾਉਂਦੇ ਹੋਏ ਆਗਾਹ ਕੀਤਾ ਕਿ ਜਨਤਕ ਹਿੱਤ ਵਿਚ ਇਹ ਕਦਮ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਲਾਤਾਂ ਦਾ ਡਟ ਕੇ ਸਾਹਮਣਾ ਕੀਤਾ ਜਾਵੇ, ਪਰ ਘਬਰਾਉਣ ਦੀ ਲੋੜ ਨਹੀਂ।
ਮੋਹਾਲੀ ਵਿੱਚ ਵੀ ਸਖ਼ਤੀ
ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਵੱਲੋਂ ਵੀਰਵਾਰ ਸ਼ਾਮ ਇਹ ਹੁਕਮ ਜਾਰੀ ਕੀਤੇ ਗਏ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਜ਼ਰੂਰੀ ਵਸਤਾਂ — ਜਿਵੇਂ ਅਨਾਜ, ਚਾਰਾ, ਦੁੱਧ, ਪੈਟਰੋਲ-ਡੀਜ਼ਲ — ਦਾ ਜਥਾ ਇਕੱਠਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸਦੇ ਨਾਲ ਹੀ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਨਾਗਰਿਕ ਹੇਠ ਦਿੱਤੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ:
-
ਖ਼ੁਰਾਕ ਤੇ ਸਪਲਾਈ ਕੰਟਰੋਲਰ: 99152-19038
-
ਪਸ਼ੂ ਪਾਲਣ ਵਿਭਾਗ: 98159-91677
-
ਮੰਡੀ ਬੋਰਡ: 94642-92474
-
ਮਾਰਕਫੈੱਡ/ਮਿਲਕਫੈੱਡ: 78883-27611, 95015-02846
-
ਸੁੱਕਾ ਰਾਸ਼ਨ: 95922-22077
-
ਡੇਅਰੀ ਉਤਪਾਦਾਂ ਲਈ ਵੇਰਕਾ D.M.: 84279-00558
ਜਲਾਲਾਬਾਦ ਦੇ ਡੀ.ਸੀ. ਵੱਲੋਂ ਸਾਵਧਾਨੀ ਦੀ ਅਪੀਲ
ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਘਬਰਾਉਣ ਦੀ ਥਾਂ, ਹੋਸ਼ ਨਾਲ ਕੰਮ ਲੈਣਾ ਹੋਵੇਗਾ। ਸਾਵਧਾਨੀ ਦੇ ਤੌਰ ਤੇ ਰੌਸ਼ਨੀ ਬੰਦ ਰੱਖਣ, ਇਮਾਰਤਾਂ ਦੀ ਓਟ ਲੈਣ ਅਤੇ ਐਮਰਜੈਂਸੀ ਦੌਰਾਨ ਸਰਕਾਰੀ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਜ਼ਰੂਰੀ ਸਪਲਾਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਜਾਂ ਅਫਵਾਹ ਤੋਂ ਬਚਣ ਦੀ ਲੋੜ ਹੈ।