ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਡੇਰਾ ਬਿਆਸ ਦਾ ਵੱਡਾ ਫੈਸਲਾ, ਜੰਗ ਪ੍ਰਭਾਵਿਤ ਲੋਕਾਂ ਲਈ ਖੋਲ੍ਹੇ ਸਤਿਸੰਗ ਘਰ
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ, ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਮਾਨਵਤਾ ਦੀ ਸੇਵਾ ਲਈ ਇਕ ਵੱਡਾ ਕਦਮ ਚੁੱਕਿਆ ਹੈ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ‘ਤੇ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਦੇ ਸਾਰੇ ਸਤਿਸੰਗ ਘਰਾਂ ਦੇ ਦਰਵਾਜ਼ੇ ਜੰਗ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ।
ਐਮਰਜੈਂਸੀ ਸਥਿਤੀ ਵਿੱਚ ਜੇਕਰ ਕਿਸੇ ਨੂੰ ਰਹਿਣ ਜਾਂ ਖਾਣ-ਪੀਣ ਦੀ ਲੋੜ ਪੈਂਦੀ ਹੈ ਤਾਂ ਉਹ ਨਜ਼ਦੀਕੀ ਸਤਿਸੰਗ ਘਰ ਵਿੱਚ ਆ ਕੇ ਸ਼ਰਨ ਲੈ ਸਕਦੇ ਹਨ। ਉਥੇ ਉਨ੍ਹਾਂ ਨੂੰ ਮੁਫ਼ਤ ਰਿਹਾਇਸ਼ ਅਤੇ ਭੋਜਨ ਦੀ ਵਿਵਸਥਾ ਕੀਤੀ ਜਾਵੇਗੀ।
ਇਸ ਮੁਹਿੰਮ ਦੀ ਸ਼ੁਰੂਆਤ ਜੰਮੂ ਵਿਖੇ ਹੋ ਚੁੱਕੀ ਹੈ ਜਿੱਥੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਅਤੇ ਕੈਬਨਿਟ ਮੰਤਰੀ ਸਤੀਸ਼ ਸ਼ਰਮਾ ਨੇ ਵੀ ਸਤਿਸੰਗ ਘਰ ਦਾ ਦੌਰਾ ਕਰਕੇ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ।
ਯਾਦ ਰਹੇ ਕਿ ਕੋਰੋਨਾ ਮਹਾਮਾਰੀ ਦੌਰਾਨ ਵੀ ਡੇਰਾ ਬਿਆਸ ਨੇ ਅਜਿਹਾ ਹੀ ਉਦਾਰਤਾ ਭਰਾ ਰਵੱਈਆ ਦਿਖਾਉਂਦੇ ਹੋਏ ਸਾਰੇ ਸਤਿਸੰਗ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਲੱਖਾਂ ਲੋਕਾਂ ਨੂੰ ਲੰਗਰ ਪ੍ਰਦਾਨ ਕੀਤਾ ਸੀ।