ਅਮਰਨਾਥ ਯਾਤਰਾ 2025: ਆਫ਼ਲਾਈਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ
ਅਮਰਨਾਥ ਯਾਤਰਾ 3 ਜੁਲਾਈ ਤੋਂ ਬਾਲਟਾਲ ਅਤੇ ਪਹਿਲਗਾਮ ਰੂਟਾਂ ਰਾਹੀਂ ਸ਼ੁਰੂ ਹੋਣ ਜਾ ਰਹੀ ਹੈ। ਜਿਨ੍ਹਾਂ ਸ਼ਰਧਾਲੂਆਂ ਨੇ ਹਾਲੇ ਤੱਕ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਨ੍ਹਾਂ ਲਈ ਆਫਲਾਈਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਸੂਬੇ ਭਰ ਵਿਚ ਕਈ ਰਜਿਸਟ੍ਰੇਸ਼ਨ ਕੇਂਦਰ ਕਾਇਮ ਕੀਤੇ ਗਏ ਹਨ, ਜਿਥੇ ਸ਼ਰਧਾਲੂ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ।
ਕੇਂਦਰ ‘ਤੇ ਰਜਿਸਟ੍ਰੇਸ਼ਨ ਲਈ ਆਏ ਇਕ ਸ਼ਰਧਾਲੂ ਨੇ ਦੱਸਿਆ, “ਇਸ ਵਾਰ ਲੋਕ ਬਹੁਤ ਉਤਸ਼ਾਹਿਤ ਹਨ। ਪਹਿਲਗਾਮ ਹਮਲੇ ਦੇ ਬਾਵਜੂਦ, ਕਿਸੇ ਵੀ ਕਿਸਮ ਦਾ ਡਰ ਨਹੀਂ। ਪ੍ਰਬੰਧ ਚੰਗੇ ਹਨ ਅਤੇ ਪ੍ਰਸ਼ਾਸਨ ਸਾਡੇ ਨਾਲ ਖੜ੍ਹਾ ਹੈ।” ਇੱਕ ਹੋਰ ਸ਼ਰਧਾਲੂ ਨੇ ਕਿਹਾ, “ਅਸੀਂ ਅਮਰਨਾਥ ਜੀ ‘ਤੇ ਪੂਰਾ ਭਰੋਸਾ ਰੱਖਦੇ ਹਾਂ। ਅੱਤਵਾਦੀਆਂ ਦੀ ਕੋਸ਼ਿਸ਼ਾਂ ਸਾਡਾ ਮਨੋਬਲ ਨਹੀਂ ਡਿਗਾ ਸਕਦੀਆਂ।”
ਸੁਰੱਖਿਆ ਬੰਦੋਬਸਤ ਵਧਾਇਆ ਗਿਆ
ਯਾਤਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਵੱਲੋਂ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ‘ਤੇ ਕੜੀ ਨਿਗਰਾਨੀ ਅਤੇ ਮਜ਼ਬੂਤ ਬਹੁ-ਪੱਧਰੀ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ। CRPF ਨੇ ਆਪਣੇ ਜਵਾਨਾਂ ਦੇ ਨਾਲ-ਨਾਲ K9 (ਕੁੱਤੇ) ਦਸਤਿਆਂ ਦੀ ਵੀ ਤਾਇਨਾਤੀ ਕੀਤੀ ਹੈ, ਜੋ ਰਸਤੇ ਦੀ ਚੋਕੀਦਾਰੀ ਅਤੇ ਸੁਰੱਖਿਆ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।
2 ਜੁਲਾਈ ਨੂੰ ਪਹਿਲਾ ਜਥਾ ਰਵਾਨਾ ਹੋਏਗਾ
ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ 2 ਜੁਲਾਈ ਨੂੰ ਜੰਮੂ ਬੇਸ ਕੈਂਪ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ, ਜਦਕਿ ਅਧਿਕਾਰਿਕ ਤੌਰ ‘ਤੇ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ।
ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਕੀਤੇ ਗਏ ਸਖ਼ਤ ਪ੍ਰਬੰਧਾਂ ਕਾਰਨ ਅਮਰਨਾਥ ਯਾਤਰਾ 2025 ਲਈ ਸ਼ਰਧਾਲੂਆਂ ਵਿੱਚ ਨਿਰਭਿਕਤਾ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਯਾਤਰਾ ਦੌਰਾਨ ਸ਼ਾਂਤੀਪੂਰਨ ਅਤੇ ਸੁਚੱਜੀ ਪ੍ਰਕਿਰਿਆ ਦੀ ਪੂਰੀ ਉਮੀਦ ਜਤਾਈ ਜਾ ਰਹੀ ਹੈ।