Punjab News: ਪੰਜਾਬ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ’ਤੇ, ਜਾਰੀ ਹੋਇਆ ਅਲਰਟ
ਪੰਜਾਬ ਵਿੱਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਰੂਪ ਧਾਰ ਚੁੱਕੀ ਹੈ। ਪਰਾਲੀ ਸਾੜਨ ਅਤੇ ਹੋਰ ਕਾਰਨਾਂ ਕਰਕੇ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ਅਤੇ ਅੱਖਾਂ ਵਿੱਚ ਜਲਨ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (AQI) 339 ਤੱਕ ਪਹੁੰਚ ਗਿਆ, ਜੋ ਦਿੱਲੀ ਦੇ AQI 334 ਨੂੰ ਵੀ ਪਿੱਛੇ ਛੱਡ ਗਈ।
ਮੰਡੀ ਗੋਬਿੰਦਗੜ੍ਹ ਦਾ AQI ਵੀ ਬਹੁਤ ਖਰਾਬ ਦਰਜ ਕੀਤਾ ਗਿਆ ਹੈ, ਜਿੱਥੇ ਸੋਮਵਾਰ ਸਵੇਰੇ AQI 270 ਰਿਹਾ। ਇਸੇ ਤਰ੍ਹਾਂ, ਪੰਜਾਬ ਦੇ ਹੋਰ ਸ਼ਹਿਰਾਂ ਜਿਵੇਂ ਕਿ ਜਲੰਧਰ ਦਾ AQI 207, ਅੰਮ੍ਰਿਤਸਰ ਦਾ 202, ਲੁਧਿਆਣਾ ਦਾ 202, ਬਠਿੰਡਾ ਦਾ 175 ਅਤੇ ਪਟਿਆਲਾ ਦਾ 199 ਦਰਜ ਕੀਤਾ ਗਿਆ। ਮਾਹਰਾਂ ਅਨੁਸਾਰ, ਸਿਹਤਮੰਦ ਹਵਾ ਲਈ AQI ਦਾ ਪੱਧਰ 50 ਤੋਂ ਹੇਠਾਂ ਹੋਣਾ ਚਾਹੀਦਾ ਹੈ।
ਮੌਸਮ ਵਿੱਚ ਤਬਦੀਲੀ ਤੇ ਧੁੰਦ ਦਾ ਅਲਰਟ
ਇਸੇ ਦੌਰਾਨ ਮੌਸਮ ਵਿੱਚ ਵੀ ਬਦਲਾਅ ਆ ਰਿਹਾ ਹੈ। 24 ਘੰਟਿਆਂ ਵਿੱਚ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕਈ ਹਿਸਿਆਂ ‘ਚ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਕਾਰਨ ਵਿਜ਼ੀਬਿਲਟੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਪ੍ਰਦੂਸ਼ਣ ਅਤੇ ਮੌਸਮ ਦੇ ਬਦਲਾਅ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।