MLA ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਦੁਬਾਰਾ ਜਾਂਚ ਲਈ ਘਰ ਪਹੁੰਚੀ
ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਗੰਭੀਰ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਮਗਰੋਂ ਵਿਜੀਲੈਂਸ ਟੀਮ ਨੇ ਰਾਤ ਦੇ ਸਮੇਂ ਸਿਵਲ ਹਸਪਤਾਲ ਵਿਖੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ, ਜਿਸ ਦੀ ਨਿਗਰਾਨੀ ਡਾ. ਸਿਮਰਨ ਕੌਰ ਨੇ ਕੀਤੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕਾਰ ਤੋਂ ਬਾਹਰ ਨਹੀਂ ਲਿਆਂਦਾ ਗਿਆ।
ਅੱਜ ਵਿਧਾਇਕ ਰਮਨ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਸ ਰਿਮਾਂਡ ਦੀ ਮੰਗ ਕਰੇਗੀ। ਇਸਦੇ ਨਾਲ ਹੀ ਵਿਜੀਲੈਂਸ ਵੱਲੋਂ ਅੱਜ ਮੁੜ ਉਨ੍ਹਾਂ ਦੇ ਘਰ ’ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਘਰ ਅਤੇ ਕਾਰ ਦੀ ਤਲਾਸ਼ੀ ਲਈ 5 ਪੁਲਸ ਕਰਮਚਾਰੀ ਅੰਦਰ ਅਤੇ 4 ਬਾਹਰ ਤਾਇਨਾਤ ਸਨ। ਪੁਲਸ ਵੱਲੋਂ ਦਸਤਾਵੇਜ਼ਾਂ ਅਤੇ ਸੰਭਾਵਿਤ ਸਬੂਤਾਂ ਦੀ ਜਾਂਚ ਜਾਰੀ ਹੈ।
ਭ੍ਰਿਸ਼ਟਾਚਾਰ ਦਾ ਮਾਮਲਾ
ਇਹ ਮਾਮਲਾ ਇੰਜੀਨੀਅਰਜ਼ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ, ਜਲੰਧਰ ਵੱਲੋਂ ਦਿੱਤੀ ਗਈ ਇੱਕ ਸ਼ਿਕਾਇਤ ਤੋਂ ਸ਼ੁਰੂ ਹੋਇਆ। ਸ਼ਿਕਾਇਤ ਅਨੁਸਾਰ ਨਗਰ ਨਿਗਮ ਜਲੰਧਰ ਦੇ ਸਹਾਇਕ ਟਾਊਨ ਪਲੈਨਰ ਸੁਖਦੇਵ ਵਸ਼ਿਸ਼ਟ ਵੱਲੋਂ ਇਮਾਰਤਾਂ ਦੇ ਮਾਲਕਾਂ ਨੂੰ ਨਾਜਾਇਜ਼ ਨੋਟਿਸ ਭੇਜ ਕੇ ਰਿਸ਼ਵਤ ਮੰਗੀ ਜਾਂਦੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਹ ਵਿਧਾਇਕ ਰਮਨ ਅਰੋੜਾ ਦੀ ਸ਼ਾਮਲਗੀ ਅਤੇ ਸਹਿਯੋਗ ਨਾਲ ਇਹ ਗਤੀਵਿਧੀਆਂ ਚਲਾ ਰਿਹਾ ਸੀ।
ਮਿਲੀਭੁਗਤ ਅਤੇ ਰਿਸ਼ਵਤਖੋਰੀ ਦੇ ਨਵੇਂ ਖੁਲਾਸੇ
ਵਿਜੀਲੈਂਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਗ੍ਰਿਫ਼ਤਾਰ ਅਧਿਕਾਰੀ ਵੱਲੋਂ ਨਕਸ਼ਿਆਂ ਦੀ ਮਨਜ਼ੂਰੀ ਦੇ ਨਾਂ ‘ਤੇ ਲੋਕਾਂ ਨੂੰ ਧਮਕਾ ਕੇ ਉਨ੍ਹਾਂ ਨੂੰ ਵਿਧਾਇਕ ਕੋਲ ਭੇਜਿਆ ਜਾਂਦਾ ਸੀ, ਜਿਥੇ ਰਿਸ਼ਵਤ ਦੇ ਬਦਲੇ ਮਾਮਲੇ “ਸੁਲਝਾਏ” ਜਾਂਦੇ ਸਨ। ਇਸ ਮਿਲੀਭੁਗਤ ਦੌਰਾਨ 75-80 ਦੇ ਕਰੀਬ ਨੋਟਿਸਾਂ ਅਤੇ ਫਾਈਲਾਂ ਦੀ ਚਾਨਕਾਰੀ ਮਿਲੀ ਹੈ, ਜੋ ਜਾਂਚ ਅਧੀਨ ਹਨ।
ਵਿਜੀਲੈਂਸ ਬਿਊਰੋ ਅਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਤਕਨੀਕੀ ਟੀਮਾਂ ਵੱਲੋਂ ਤਲਾਸ਼ੀ ਦੌਰਾਨ ਬਰਾਮਦ ਦਸਤਾਵੇਜ਼ਾਂ ਦੀ ਤਸਦੀਕ ਜਾਰੀ ਹੈ। ਪ੍ਰਾਰੰਭਕ ਜਾਂਚ ‘ਚ ਕਈ ਗੰਭੀਰ ਗੜਬੜਾਂ ਦਾ ਪਤਾ ਲੱਗਾ ਹੈ, ਜੋ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਵਧਾ ਰਹੇ ਹਨ।