ਕੈਨੇਡਾ ‘ਚ ਸ਼ੱਕੀ ਹਾਲਾਤਾਂ ‘ਚ ‘ਆਪ’ ਆਗੂ ਦੀ ਧੀ ਦੀ ਮੌਤ, ਦੋ ਦਿਨਾਂ ਬਾਅਦ ਮਿਲੀ ਲਾਸ਼
ਡੇਰਾਬੱਸੀ ਦੀ 21 ਸਾਲਾ ਵੰਸ਼ਿਕਾ ਦੀ ਕੈਨੇਡਾ ‘ਚ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਵੰਸ਼ਿਕਾ ਦੀ ਲਾਸ਼ ਉਸਦੇ ਕਾਲਜ ਨੇੜਲੇ ਬੀਚ ਤੋਂ ਲੱਭੀ, ਜੋ ਕਿ ਉਸ ਦੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਮਿਲੀ। ਹਾਲਾਂਕਿ ਮੌਤ ਦੇ ਸਥਿਰ ਕਾਰਣਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਓਟਾਵਾ ਪੁਲਸ ਵੱਲੋਂ ਲਾਸ਼ ਨੂੰ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਨੇ ਡੇਰਾਬੱਸੀ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਵੰਸ਼ਿਕਾ ਡੇਰਾਬੱਸੀ ਦੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਦਵਿੰਦਰ ਸੈਣੀ ਦੀ ਧੀ ਸੀ, ਜੋ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ। ਦਵਿੰਦਰ ਸੈਣੀ ਨੇ ਦੱਸਿਆ ਕਿ ਆਖਰੀ ਵਾਰ 25 ਅਪ੍ਰੈਲ ਨੂੰ ਵੰਸ਼ਿਕਾ ਨਾਲ ਗੱਲ ਹੋਈ ਸੀ। ਅਗਲੇ ਦਿਨ ਵੰਸ਼ਿਕਾ ਦੇ ਰੂਮ ਵਿੱਚ ਰਹਿੰਦੇ ਦੋਸਤ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਵੰਸ਼ਿਕਾ ਕਮਰੇ ‘ਚ ਨਹੀਂ ਆਈ ਅਤੇ ਉਸਦਾ ਮੋਬਾਈਲ ਵੀ ਬੰਦ ਆ ਰਿਹਾ ਹੈ।
ਇਸ ਤੋਂ ਬਾਅਦ ਵੰਸ਼ਿਕਾ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਆਪਣੇ ਪੱਧਰ ‘ਤੇ ਖੋਜ ਕਰਨੀ ਸ਼ੁਰੂ ਕਰ ਦਿੱਤੀ। ਵੰਸ਼ਿਕਾ ਦੀ ਕਜ਼ਨ ਸਿਮਰਨ ਅਤੇ ਡੇਰਾਬੱਸੀ ਦੀ ਨਿਸ਼ਾ, ਜੋ ਉਸ ਨਾਲ ਸੰਪਰਕ ‘ਚ ਸਨ, ਨੇ ਸਭ ਤੋਂ ਪਹਿਲਾਂ ਉਸਦੀ ਗੁੰਮਸ਼ੁਦਾ ਹੋਣ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਦੋ ਦਿਨਾਂ ਦੀ ਤਲਾਸ਼ ਤੋਂ ਬਾਅਦ ਵੰਸ਼ਿਕਾ ਦੀ ਲਾਸ਼ ਕਾਲਜ ਨੇੜਲੇ ਬੀਚ ਤੋਂ ਮਿਲੀ।
ਜਾਣਕਾਰੀ ਮੁਤਾਬਕ, ਵੰਸ਼ਿਕਾ ਆਖਰੀ ਵਾਰ ਸ਼ੁੱਕਰਵਾਰ ਰਾਤ ਕਰੀਬ 9 ਵਜੇ ਬੱਸ ‘ਚ ਸਵਾਰ ਹੋਈ ਸੀ ਅਤੇ 11:30 ਵਜੇ ਉਸਦਾ ਫ਼ੋਨ ਬੰਦ ਹੋ ਗਿਆ ਸੀ। ਹਾਲੇ ਤੱਕ ਉਸਦਾ ਮੋਬਾਈਲ ਵੀ ਬਰਾਮਦ ਨਹੀਂ ਹੋ ਸਕਿਆ। ਪੁਲਸ ਵਲੋਂ ਮੌਤ ਦੇ ਕਾਰਣਾਂ ਦੀ ਗੰਭੀਰ ਜਾਂਚ ਜਾਰੀ ਹੈ।