ਸਵੇਰ-ਸਵੇਰ ਵਾਪਰੀ ਦਹਿਸਤਨਾਕ ਵਾਰਦਾਤ, ਆੜ੍ਹਤੀ ਦਾ ਸ਼ਰੇਆਮ ਕਤਲ
ਪੰਜਾਬ ‘ਚ ਇੱਕ ਹੋਰ ਵੱਡੀ ਅਪਰਾਧਿਕ ਘਟਨਾ ਸਾਹਮਣੇ ਆਈ ਹੈ ਜਿੱਥੇ ਸ਼ਨੀਵਾਰ ਤੜਕਸਾਰ ਇੱਕ ਆੜ੍ਹਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਫਿਰੌਤੀ ਮਾਮਲੇ ਨਾਲ ਜੋੜੀ ਜਾ ਰਹੀ ਹੈ। ਮੌਕੇ ਦੀ ਜਾਂਚ ਥਾਣਾ ਸਦਰ ਪੱਟੀ ਦੀ ਪੁਲਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਦੀ ਪਹਚਾਣ ਜਸਵੰਤ ਸਿੰਘ ਉਰਫ ਬਿੱਟੂ (ਉਮਰ 50 ਸਾਲ), ਵਾਸੀ ਪਿੰਡ ਦੁਬਲੀ, ਵਜੋਂ ਹੋਈ ਹੈ। ਉਹ ਗੁਰੂ ਨਾਨਕ ਖੇਤੀ ਸਟੋਰ ਅਤੇ ਆੜ੍ਹਤ ਚਲਾਉਂਦਾ ਸੀ। ਸਵੇਰੇ ਕਰੀਬ 6:30 ਵਜੇ, ਜਦੋਂ ਉਹ ਆਪਣੀ ਦੁਕਾਨ ‘ਚ ਮੌਜੂਦ ਸੀ, ਤਦ ਇੱਕ ਅਣਪਛਾਤਾ ਮੋਟਰਸਾਈਕਲ ਸਵਾਰ ਉਸ ਦੀ ਦੁਕਾਨ ‘ਚ ਦਾਖਲ ਹੋਇਆ ਅਤੇ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਈਆਂ, ਜੋ ਉਸ ਦੇ ਸਿਰ ਅਤੇ ਛਾਤੀ ‘ਚ ਲੱਗੀਆਂ, ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਾਰਦਾਤ ਦੇ ਸਮੇਂ ਜਸਵੰਤ ਸਿੰਘ ਦਾ ਭਤੀਜਾ ਅਤੇ ਇੱਕ ਜਿਮੀਂਦਾਰ, ਜੋ ਕਿ ਕਣਕ ਸੁੱਟਣ ਆਇਆ ਸੀ, ਵੀ ਮੌਜੂਦ ਸਨ। ਹਮਲਾਵਰ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵੱਲ ਫਰਾਰ ਹੋ ਗਿਆ।
ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਚੁੱਕੀ ਹੈ, ਜਿਸ ਦੀ ਬੁਨਿਆਦ ‘ਤੇ ਪੁਲਸ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ, ਮ੍ਰਿਤਕ ਕੋਲੋਂ ਪਹਿਲਾਂ ਵੀ ਕਈ ਵਾਰ ਫਿਰੌਤੀ ਮੰਗੀ ਗਈ ਸੀ ਅਤੇ ਉਸ ਨੇ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਕੋਈ ਵਿਅਕਤੀਗਤ ਸੁਰੱਖਿਆ ਜਾਂ ਕਾਨੂੰਨੀ ਕਾਰਵਾਈ ਨਹੀਂ ਹੋਈ।