ਨਿਤਿਨ ਕੋਹਲੀ ਨੇ ਇੰਸਪੈਕਟਰ ਰਾਜ ਨੂੰ ਖਤਮ ਕਰਨ ਦੇ ਇਤਿਹਾਸਕ ਕਦਮ ਦੀ ਸ਼ਲਾਘਾ ਕੀਤੀ
ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਪੰਜਾਬ ਸਰਕਾਰ ਦੇ ਸ਼ਾਪਸ ਐੰਡ ਕਮਰਸ਼ਿਅਲ ਐਸਟੈਬਲਿਸ਼ਮੈੰਟ ਐਕਟ 1958 ਵਿੱਚ ਸੋਧ ਕਰਨ ਦੇ ਇਤਿਹਾਸਕ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਸੋਧ ਨੂੰ ਸੂਬੇ ਭਰ ਦੇ ਛੋਟੇ ਵਪਾਰੀ ਭਾਈਚਾਰੇ ਲਈ ਵੱਡੀ ਰਾਹਤ ਦੱਸਿਆ ਹੈ।
ਨਿਤਿਨ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਸ਼ਾਪਸ ਐੰਡ ਕਮਰਸ਼ਿਅਲ ਐਸਟੈਬਲਿਸ਼ਮੈੰਟ ਐਕਟ, 1958 ਵਿੱਚ ਸੋਧ ਕਰਕੇ ਇੱਕ ਇਤਿਹਾਸਕ ਫੈਸਲਾ ਲਿਆ ਹੈ। ਇਸ ਨਾਲ ਛੋਟੇ ਕਾਰੋਬਾਰੀ ਭਾਈਚਾਰੇ ਨੂੰ ਬਹੁਤ ਰਾਹਤ ਮਿਲੀ ਹੈ। ਇਸ ਫੈਸਲੇ ਕਾਰਨ ਵਪਾਰਕ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਕੋਹਲੀ ਨੇ ਇਸ ਫੈਸਲੇ ਲਈ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਇੰਸਪੈਕਟਰ ਵਪਾਰੀਆਂ ਨੂੰ ਰੋਜ਼ਾਨਾ ਤੰਗ ਕਰਦੇ ਸਨ ਅਤੇ ਵੱਖ-ਵੱਖ ਦਸਤਾਵੇਜ਼ ਮੰਗਦੇ ਸਨ। ਹੁਣ ਇੰਸਪੈਕਟਰ ਹਰ ਛੇ ਮਹੀਨਿਆਂ ਵਿੱਚ ਇੱਕ ਵਾਰ ਵਪਾਰੀ ਦੇ ਦਫ਼ਤਰ ਜਾ ਸਕਦਾ ਹੈ ਜਾਂ ਲੋੜ ਪੈਣ ‘ਤੇ ਵਪਾਰੀ ਇੰਸਪੈਕਟਰ ਦੇ ਦਫ਼ਤਰ ਜਾ ਸਕਦਾ ਹੈ। ਓਵਰਟਾਈਮ ਦੀ ਸੀਮਾ ਵੀ 50 ਘੰਟਿਆਂ ਤੋਂ ਵਧਾ ਕੇ 144 ਘੰਟੇ ਕਰ ਦਿੱਤੀ ਗਈ ਹੈ ਅਤੇ ਵੱਡੇ ਕਾਰੋਬਾਰੀਆਂ ਨੂੰ ਵਾਧੂ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ। 20 ਤੋਂ ਵੱਧ ਕਰਮਚਾਰੀਆਂ ਵਾਲੀਆਂ ਕੰਪਨੀਆਂ ਲਈ ਰਜਿਸਟ੍ਰੇਸ਼ਨ ਅਰਜ਼ੀ 24 ਘੰਟਿਆਂ ਦੇ ਅੰਦਰ ਮਨਜ਼ੂਰ ਕਰ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਰਜਿਸਟ੍ਰੇਸ਼ਨ ਅਰਜ਼ੀ 24 ਘੰਟਿਆਂ ਦੇ ਅੰਦਰ ਮਨਜ਼ੂਰ ਨਹੀਂ ਕੀਤੀ ਜਾਂਦੀ ਹੈ, ਤਾਂ ਇਸਨੂੰ ਆਪਣੇ ਆਪ ਮਨਜ਼ੂਰ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੋਰ ਵੀ ਕਈ ਸੋਧਾਂ ਕੀਤੀਆਂ ਗਈਆਂ ਹਨ ਜੋ ਕਾਰੋਬਾਰੀਆਂ ਦੇ ਹੱਕ ਵਿੱਚ ਹਨ।