50 ਲੱਖ ਰੁਪਏ ਗਵਾਏ, ਤਸ਼ੱਦਦ ਸਹਿਣਾ ਪਿਆ, ਡਿਪੋਰਟ ਹੋ ਕੇ ਵਾਪਸ ਆਏ ਪੰਜਾਬੀ ਨੇ ਸੁਣਾਈ ਲੂੰ-ਕੰਡੇ ਖੜ੍ਹੇ ਕਰਦੀ ਦਾਸਤਾਨ
ਅਮਰੀਕਾ ਤੋਂ ਐਤਵਾਰ ਨੂੰ ਅੰਮ੍ਰਿਤਸਰ ਆਈ ਵਿਸ਼ੇਸ਼ ਫਲਾਈਟ ਰਾਹੀਂ 116 ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਗਿਆ, ਜਿਨ੍ਹਾਂ ਵਿੱਚ 33 ਪੰਜਾਬੀ ਨੌਜਵਾਨ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਫਿਰੋਜ਼ਪੁਰ ਦੇ ਪਿੰਡ ਪਿਪਲੀ ਮਿਆਣੀ ਦਾ ਰਹਿਣ ਵਾਲਾ ਬੂਟਾ ਸਿੰਘ ਵੀ ਵਾਪਸ ਆਇਆ, ਜੋ ਆਪਣੇ ਪਿੰਡ ਪੁੱਜਣ ‘ਤੇ ਪਰਿਵਾਰ ਨਾਲ ਮਿਲ ਕੇ ਭਾਵੁਕ ਹੋ ਗਿਆ।
ਪਨਾਮਾ ‘ਚ ਡੌਂਕਰਾਂ ਨੇ ਕੀਤੀ ਕੁੱਟਮਾਰ, 50 ਲੱਖ ਦੀ ਕੀਤੀ ਮੰਗ
ਬੂਟਾ ਸਿੰਘ ਨੇ ਦੱਸਿਆ ਕਿ ਉਹ 6 ਸਤੰਬਰ 2024 ਨੂੰ ਮੁੰਬਈ ਤੋਂ ਅਰਜਨਟੀਨਾ ਰਵਾਨਾ ਹੋਇਆ ਸੀ। ਡੌਂਕਰਾਂ ਨੇ 5 ਮਹੀਨੇ ਤੱਕ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਘੁੰਮਾਇਆ। ਪਨਾਮਾ ਪਹੁੰਚਣ ‘ਤੇ ਡੌਂਕਰਾਂ ਨੇ ਉਨ੍ਹਾਂ ਨਾਲ ਭਾਰੀ ਕੁੱਟਮਾਰ ਕੀਤੀ ਅਤੇ 50 ਲੱਖ ਰੁਪਏ ਦੀ ਮੰਗ ਕੀਤੀ। ਪਰਿਵਾਰ ਨੇ ਕਿਸੇ ਤਰੀਕੇ 30 ਲੱਖ ਰੁਪਏ ਏਜੰਟ ਨੂੰ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੈਦਲ ਮੈਕਸੀਕੋ ਲਿਆਂਦਾ ਗਿਆ।
ਅਮਰੀਕਾ ‘ਚ ਪੁਲਿਸ ਨੇ ਕੀਤਾ ਤਸ਼ੱਦਦ, ਹੱਥਕੜੀਆਂ ਲਾ ਕੇ ਵਾਪਸ ਭੇਜਿਆ
2 ਫਰਵਰੀ ਨੂੰ ਡੌਂਕਰਾਂ ਨੇ ਉਨ੍ਹਾਂ ਨੂੰ ਅਮਰੀਕਾ ਦੀ ਕੰਧ ਪਾਰ ਕਰਵਾ ਦਿੱਤਾ, ਪਰ ਉਨ੍ਹਾਂ ਨੂੰ ਤੁਰੰਤ ਹੀ ਅਮਰੀਕੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਠੰਢੇ ਕਮਰੇ ‘ਚ ਰੱਖਿਆ ਗਿਆ, ਭੁੱਖੇ ਤਰਸਾਇਆ ਗਿਆ ਤੇ ਕਿਸੇ ਦੀ ਵੀ ਸੁਣਵਾਈ ਨਹੀਂ ਹੋਈ। 14 ਫਰਵਰੀ ਨੂੰ ਉਨ੍ਹਾਂ ਸਮੇਤ ਹੋਰ ਭਾਰਤੀਆਂ ਨੂੰ ਫ਼ੌਜੀ ਜਹਾਜ਼ ਰਾਹੀਂ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਭਾਰਤ ਵਾਪਸ ਭੇਜ ਦਿੱਤਾ ਗਿਆ।
ਏਜੰਟ ਨੇ ਕੀਤਾ ਧੋਖਾਧੜੀ, ਪਰਿਵਾਰ ਹੋਇਆ ਖਾਲੀ ਹੱਥ
ਬੂਟਾ ਸਿੰਘ ਤੇ ਉਸ ਦੇ ਪਿਤਾ ਦਲੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਏਜੰਟ ਨੂੰ 50 ਲੱਖ ਰੁਪਏ ਦਿੱਤੇ, ਪਰ ਉਨ੍ਹਾਂ ਨਾਲ ਵੱਡਾ ਧੋਖਾ ਹੋਇਆ। ਹੁਣ ਉਹ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕਰ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਹੈ, ਉਨ੍ਹਾਂ ਦਾ ਘਰ ਅਜੇ ਤਕ ਪੂਰਾ ਵੀ ਨਹੀਂ ਬਣਿਆ। ਬੂਟਾ ਸਿੰਘ ਦੀ ਪਤਨੀ ਅਤੇ ਤਿੰਨ ਬੱਚੇ ਵੀ ਗੰਭੀਰ ਤਣਾਅ ‘ਚ ਹਨ।
ਪਿੰਡ ਦੇ ਲੋਕਾਂ ਨੇ ਦਿੱਤਾ ਹੌਂਸਲਾ, ਸਰਕਾਰ ਕੋਲ ਮਦਦ ਦੀ ਮੰਗ
ਪਿੰਡ ਦੇ ਸਰਪੰਚ ਗੁਰਦੇਵ ਸਿੰਘ ਤੇ ਲੋਕਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਡੌਂਕਰਾਂ ਅਤੇ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਧੋਖਾਧੜੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ। ਪਰਿਵਾਰ ਉਮੀਦ ਕਰ ਰਿਹਾ ਹੈ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ।