ਅੰਮ੍ਰਿਤਧਾਰੀ ਸਿੱਖ ਡੰਕੀ ਰਾਹੀਂ ਪਹੁੰਚਿਆ ਅਮਰੀਕਾ, ਜ਼ਬਰਦਸਤ ਮੁਸ਼ਕਿਲਾਂ ਕਾਰਨ ਕਰਵਾਉਣੇ ਪਏ ਕੇਸ ਤੇ ਦਾੜ੍ਹੀ ਕਤਲ
ਸੁਨਹਿਰੇ ਭਵਿੱਖ ਦੀ ਖਾਤਰ ਡੰਕੀ ਰਾਹੀਂ ਅਮਰੀਕਾ ਪਹੁੰਚਿਆ ਅੰਮ੍ਰਿਤਸਰ ਦਾ ਸਾਬਕਾ ਫ਼ੌਜੀ ਮਨਦੀਪ ਸਿੰਘ ਵਾਪਸੀ ’ਤੇ ਤੋਟੇ ਸੁਪਨਿਆਂ ਨਾਲ ਬਹੁਤ ਦੁਖੀ ਹੈ। ਅਮਰੀਕਾ ਵਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਡਿਪੋਰਟੇਸ਼ਨ ਮੁਹਿੰਮ ਹੇਠ ਮਨਦੀਪ ਸਿੰਘ ਵੀ ਉਨ੍ਹਾਂ ਭਾਰਤੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ ਹੈ।
ਮਨਦੀਪ, ਜੋ ਅਮਰੀਕਾ ਜਾਣ ਸਮੇਂ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ ਸੀ, ਨੇ ਵੱਡੀ ਬੇਬਸੀ ਵਿੱਚ ਆਪਣੀ ਦਾੜ੍ਹੀ ਤੇ ਕੇਸ ਵੀ ਕਤਲ ਕਰਵਾਉਣੇ ਪਏ। ਇਹ ਉਸਦੇ ਲਈ ਸਭ ਤੋਂ ਵੱਡਾ ਦੁੱਖ ਹੈ।
ਅਮਰੀਕਾ ’ਚ ਨਰਕ ਵਰਗੇ ਹਾਲਾਤ
ਮਨਦੀਪ ਨੇ ਦੱਸਿਆ ਕਿ ਉਨ੍ਹਾਂ ਹਾਲਾਤਾਂ ’ਚੋਂ ਲੰਘਣਾ ਪਿਆ, ਜੋ ਨਰਕ ਤੋਂ ਵੀ ਵਧਕੇ ਸਨ। ਡੰਕੀ ਰਾਹੀਂ ਜਾਣ ਦੌਰਾਨ ਉਸਨੇ ਭੁੱਖ, ਪਿਆਸ, ਤਸ਼ੱਦਦ, ਅਤੇ ਜ਼ਹਿਰੀਲੇ ਜੰਗਲੀ ਜਾਨਵਰਾਂ ਦੇ ਖਤਰੇ ਨੂੰ ਮਹਿਸੂਸ ਕੀਤਾ। ਅਮਰੀਕਾ ਪਹੁੰਚਣ ਤੋਂ ਬਾਅਦ ਵੀ ਕਾਨੂੰਨੀ ਮੁਸ਼ਕਲਾਂ, ਵਧਦੇ ਸਖ਼ਤ ਨਿਯਮ ਅਤੇ ਆਰਥਿਕ ਤੰਗੀ ਨੇ ਉਸਦੇ ਸੁਪਨੇ ਤੋੜ ਦਿੱਤੇ।
ਅਮਰੀਕਾ ਵਲੋਂ ਭਾਰਤੀਆਂ ਦੀ ਵਾਪਸੀ ਜਾਰੀ
ਇਸ ਤੋਂ ਪਹਿਲਾਂ ਅਮਰੀਕਾ ਨੇ ਤਿੰਨ ਵੱਡੀਆਂ ਉਡਾਣਾਂ ਰਾਹੀਂ ਸੈਂਕੜੇ ਭਾਰਤੀਆਂ ਨੂੰ ਵਾਪਸ ਭੇਜਿਆ ਹੈ। ਅਣਉਕਤ ਵਿਧੀ ਨਾਲ ਅਮਰੀਕਾ ਪਹੁੰਚੇ ਕਈ ਹੋਰ ਪੰਜਾਬੀਆਂ ਨੂੰ ਵੀ ਨਿਕਾਲਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਮਨਦੀਪ ਸਿੰਘ ਦੀ ਕਹਾਣੀ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਲਈ ਵੱਡਾ ਸਬਕ ਹੈ, ਜੋ ਡੰਕੀ ਰਾਹੀਂ ਵਿਦੇਸ਼ ਜਾਣ ਦੇ ਸੁਪਨੇ ਵੇਖ ਰਹੇ ਹਨ।