ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ, ਮਾਨਸਾ ਸੀਟ ਤੋਂ ਚੋਣ ਲੜਨਗੇ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮਾਨਸਾ ਹਲਕੇ ਤੋਂ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦਾ ਇਹ ਐਲਾਨ ਆਪਣੇ ਪੁੱਤਰ ਦੀ ਤੀਜੀ ਬਰਸੀ ਦੇ ਨੇੜੇ ਆਇਆ ਹੈ, ਜਿਸ ਦੀ 29 ਮਈ 2022 ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਬਲਕੌਰ ਸਿੰਘ ਨੇ ਕਿਹਾ ਕਿ ਰਾਜਨੀਤੀ ਵਿੱਚ ਆਉਣ ਦਾ ਉਨ੍ਹਾਂ ਦਾ ਇਹ ਕਦਮ ਆਪਣੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਦਾ ਹਿੱਸਾ ਹੈ। ਉਨ੍ਹਾਂ ਆਰੋਪ ਲਗਾਇਆ ਕਿ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਕਈ ਮੁਲਜ਼ਮ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ ਅਤੇ ਇਨਸਾਫ਼ ਦੀ ਪ੍ਰਕਿਰਿਆ ਅਧੂਰੀ ਹੈ।
ਸੂਬੇ ਦੀ ਕਾਨੂੰਨ-ਵਿਵਸਥਾ ‘ਤੇ ਉਠਾਏ ਸਵਾਲ
ਬਲਕੌਰ ਸਿੰਘ ਨੇ ਪੰਜਾਬ ਵਿਚ ਵਧ ਰਹੇ ਅਪਰਾਧ ਤੇ ਵਿਗੜ ਰਹੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ “ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਅਸੀਂ ਉਮੀਦ ਕੀਤੀ ਸੀ ਕਿ ਇਨਸਾਫ਼ ਮਿਲੇਗਾ, ਪਰ ਅਜੇ ਤੱਕ ਨਤੀਜਾ ਨਜ਼ਰ ਨਹੀਂ ਆਇਆ।”
ਉਨ੍ਹਾਂ ਅੱਗੇ ਕਿਹਾ, “ਰਾਜਨੀਤੀ ਵਿੱਚ ਆ ਕੇ ਮੈਂ ਨਾ ਸਿਰਫ਼ ਆਪਣੇ ਪੁੱਤਰ ਲਈ ਇਨਸਾਫ਼ ਲਵਾਂਗਾ, ਸਗੋਂ ਉਹਨਾਂ ਅਵਾਜ਼ਾਂ ਨੂੰ ਵੀ ਉਭਾਰਾਂਗਾ ਜੋ ਅੱਜ ਚੁੱਪ ਕਰਵਾਈ ਜਾ ਰਹੀਆਂ ਹਨ।”
ਮਾਨਸਾ ਹਲਕਾ ਕਿਉਂ ਰਿਹਾ ਕੇਂਦਰ ਵਿਚ
ਮਾਨਸਾ ਵਿਧਾਨ ਸਭਾ ਹਲਕਾ ਸਿੱਧੂ ਮੂਸੇਵਾਲਾ ਲਈ ਵੀ ਖਾਸ ਰਹਿਆ ਸੀ, ਜਿੱਥੇ ਉਨ੍ਹਾਂ ਨੇ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਉਨ੍ਹਾਂ ਦੇ ਪਿਤਾ ਉਮੀਦਵਾਰ ਵਜੋਂ ਮੈਦਾਨ ਵਿਚ ਆ ਰਹੇ ਹਨ, ਜਿਸ ਕਾਰਨ ਇਹ ਸੀਟ ਇੱਕ ਵਾਰ ਫਿਰ ਸਿਆਸੀ ਗਰਮਾਹਟ ਦਾ ਕੇਂਦਰ ਬਣ ਗਈ ਹੈ।
ਕਿਹੜੀ ਪਾਰਟੀ ਤੋਂ ਲੜਣਗੇ ਚੋਣ?
ਹਾਲਾਂਕਿ ਬਲਕੌਰ ਸਿੰਘ ਵਲੋਂ ਅਜੇ ਤੱਕ ਕਿਸੇ ਵਿਸ਼ੇਸ਼ ਰਾਜਨੀਤਿਕ ਪਾਰਟੀ ਦੀ ਪੁਸ਼ਟੀ ਨਹੀਂ ਕੀਤੀ ਗਈ, ਪਰ ਕਾਇਸੇ ਲਗਾਏ ਜਾ ਰਹੇ ਹਨ ਕਿ ਉਹ ਕਾਂਗਰਸ ਜਾਂ ਕਿਸੇ ਹੋਰ ਵਕਲਪਿਕ ਪਾਰਟੀ ਤੋਂ ਚੋਣ ਲੜ ਸਕਦੇ ਹਨ। ਉਨ੍ਹਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਮੁੱਖ ਉਦੇਸ਼ ਇਨਸਾਫ਼ ਦੀ ਲੜਾਈ ਨੂੰ ਰਾਜਨੀਤਿਕ ਪਲੇਟਫਾਰਮ ਤੋਂ ਅਗੇ ਵਧਾਉਣਾ ਹੈ।