ਵਿਧਾਇਕ ਰਮਨ ਅਰੋੜਾ ਵਿਰੁੱਧ ਨਵੇਂ ਗਵਾਹ ਆਇਆ ਸਾਹਮਣੇ, ਮਹਿਲਾ ਇੰਸਪੈਕਟਰ ਵੀ ਘਿਰੀ
ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਨੇ ਬੁੱਧਵਾਰ ਨੂੰ ਨਵਾਂ ਮੋੜ ਲੈ ਲਿਆ, ਜਦੋਂ ਦੋ ਅਹੰਮ ਗਵਾਹ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਏ ਅਤੇ ਵਿਧਾਇਕ ਵਿਰੁੱਧ ਗੰਭੀਰ ਦੋਸ਼ ਲਗਾਉਂਦੇ ਹੋਏ ਆਪਣੇ ਬਿਆਨ ਦਰਜ ਕਰਵਾਏ। ਇਨ੍ਹਾਂ ਗਵਾਹਾਂ ਨੂੰ ਮਾਣਯੋਗ ਅਦਾਲਤ ਵਿਚ ਵੀ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਬਿਆਨ ਕਾਨੂੰਨੀ ਤੌਰ ‘ਤੇ ਦਰਜ ਕੀਤੇ ਗਏ।
ਸੂਤਰਾਂ ਮੁਤਾਬਕ, ਪਿਛਲੇ ਕੁਝ ਦਿਨਾਂ ਵਿਚ ਲਗਭਗ 8 ਪੀੜਤ ਵਿਜੀਲੈਂਸ ਵਿਭਾਗ ਪਹੁੰਚੇ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਵਿਧਾਇਕ ਨੇ ਉਨ੍ਹਾਂ ਨੂੰ ਜਾਅਲੀ ਨੋਟਿਸਾਂ ਰਾਹੀਂ ਧਮਕਾ ਕੇ ਰਿਸ਼ਵਤ ਲਈ ਮਜਬੂਰ ਕੀਤਾ।
ਢਾਬਾ ਮਾਲਕ ਦੀ ਸ਼ਿਕਾਇਤ:
ਇੱਕ ਢਾਬਾ ਮਾਲਕ ਨੇ ਦੱਸਿਆ ਕਿ ਉਸ ਦੀ ਉਸਾਰੀ ਰੋਕ ਦਿੱਤੀ ਗਈ ਸੀ ਅਤੇ ਉਸ ਨੂੰ ਐਰੀਆ ਟਾਊਨ ਪਲੈਨਰ (ਏ. ਟੀ. ਪੀ.) ਕੋਲ ਭੇਜਿਆ ਗਿਆ। ਬਾਅਦ ਵਿੱਚ ਰਾਜ਼ੀਨਾਮੇ ਰਾਹੀਂ ਸਮਝੌਤਾ ਕਰਵਾਇਆ ਗਿਆ, ਜਿਸ ਤਹਿਤ ਕਿਸੇ ਬੀਚੌਲੀਆ ਰਾਹੀਂ ਉਸ ਤੋਂ 8 ਲੱਖ ਰੁਪਏ ਵਸੂਲੇ ਗਏ। ਜਾਣਕਾਰੀ ਮੁਤਾਬਕ, ਇਸ ਡੀਲ ਵਿੱਚ ਇੱਕ ਹੋਰ ਸਿਆਸੀ ਆਗੂ ਦਾ ਨਾਂ ਵੀ ਸਾਹਮਣੇ ਆਇਆ ਹੈ ਜਿਸ ਦੀ ਜਾਂਚ ਜਾਰੀ ਹੈ।
ਬੇਕਰੀ ਮਾਲਕ ਦੀ ਸ਼ਿਕਾਇਤ:
ਦੂਜੇ ਪੀੜਤ, ਇੱਕ ਬੇਕਰੀ ਚਲਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਨਗਰ ਨਿਗਮ ਦੀ ਇੱਕ ਮਹਿਲਾ ਇੰਸਪੈਕਟਰ ਨੂੰ 3 ਲੱਖ ਰੁਪਏ ਦਿੱਤੇ। ਉਸ ਦੇ ਅਨੁਸਾਰ, ਇਹ ਰਕਮ ਵਿਧਾਇਕ ਅਰੋੜਾ ਲਈ ਮੰਗੀ ਗਈ ਸੀ। ਵਿਜੀਲੈਂਸ ਹੁਣ ਉਕਤ ਮਹਿਲਾ ਇੰਸਪੈਕਟਰ ਨੂੰ ਜਾਂਚ ‘ਚ ਸ਼ਾਮਲ ਕਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।
ਵਿਧਾਇਕ ਦੀ ਅਗਲੀ ਪੇਸ਼ੀ ਤੇ ਰਿਮਾਂਡ ਦੀ ਤਿਆਰੀ
ਸੂਤਰਾਂ ਅਨੁਸਾਰ, ਰਮਨ ਅਰੋੜਾ ਨੂੰ ਬੀਤੇ ਦਿਨ ਰੁਟੀਨ ਚੈੱਕਅੱਪ ਲਈ ਹਸਪਤਾਲ ਲਿਜਾਇਆ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਵਿਜੀਲੈਂਸ ਬਿਊਰੋ ਉਨ੍ਹਾਂ ਨੂੰ ਵੀਰਵਾਰ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕਰੇਗਾ ਅਤੇ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕਰੇਗਾ, ਖਾਸ ਕਰਕੇ ਜਦੋਂ ਕਿ ਹੁਣ ਪੀੜਤਾਂ ਦੇ ਬਿਆਨ ਅਦਾਲਤ ਵਿਚ ਦਰਜ ਹੋ ਚੁੱਕੇ ਹਨ।