ਪੰਜਾਬ ਵਿੱਚ ਕੋਰੋਨਾ ਵਾਇਰਸ ਵਾਪਸ ਦੇ ਰਿਹਾ ਦਸਤਕ, ਫਿਰੋਜ਼ਪੁਰ ‘ਚ ਨਵਾਂ ਮਾਮਲਾ ਆਇਆ ਸਾਹਮਣੇ
ਕੋਰੋਨਾ ਵਾਇਰਸ ਨੇ ਪੰਜਾਬ ‘ਚ ਫਿਰ ਤੋਂ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਮੋਹਾਲੀ ਤੋਂ ਬਾਅਦ ਹੁਣ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੀ ਕੋਵਿਡ-19 ਦਾ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਮਰੀਜ਼ ਦੀ ਪਛਾਣ ਅੰਬਾਲਾ ਦੇ ਨੌਜਵਾਨ ਵਜੋਂ ਹੋਈ ਹੈ ਜੋ ਗੁੜਗਾਓਂ ਵਿੱਚ ਨੌਕਰੀ ਕਰਦਾ ਹੈ। ਉਹ ਆਪਣੇ ਪਿਤਾ ਨੂੰ ਮਿਲਣ ਲਈ ਫਿਰੋਜ਼ਪੁਰ ਆਇਆ ਸੀ। ਇੱਥੇ ਆਉਣ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ। ਰੈਪਿਡ ਕੋਵਿਡ ਟੈਸਟ ਕਰਵਾਉਣ ‘ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ।
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨੌਜਵਾਨ ਦੀ ਸਿਹਤ ਫਿਲਹਾਲ ਠੀਕ ਹੈ ਅਤੇ ਉਸ ਨੂੰ 7 ਦਿਨਾਂ ਲਈ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਚਿੰਤਾ ਦਾ ਵਿਸ਼ਾ ਨਹੀਂ ਹੈ, ਕਿਉਂਕਿ ਮਰੀਜ਼ ਵਿੱਚ ਸਿਰਫ਼ ਆਮ ਖਾਂਸੀ-ਜ਼ੁਕਾਮ ਵਰਗੇ ਲੱਛਣ ਹਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ। ਜਿਵੇਂ-ਜਿਵੇਂ ਸਿਹਤ ਵਿਭਾਗ ਵੱਲੋਂ ਹਦਾਇਤਾਂ ਆਉਣਗੀਆਂ, ਲੋਕਾਂ ਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਜਾਵੇਗੀ।