ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮੁੱਖ ਗਵਾਹ SHO ਅੰਗਰੇਜ ਸਿੰਘ ਦਾ ਦੇਹਾਂਤ, ਪੇਸ਼ੀ ਵਾਲੇ ਦਿਨ ਹੋਈ ਮੌਤ
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮੁੱਖ ਗਵਾਹ ਰਹੇ ਅਤੇ ਮਾਨਸਾ ਦੇ ਸਿਟੀ-1 ਥਾਣੇ ਦੇ ਸਾਬਕਾ SHO ਰਹਿ ਚੁੱਕੇ ਅੰਗਰੇਜ ਸਿੰਘ ਦਾ 23 ਮਈ ਦੀ ਰਾਤ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਉਹ ਲਗਭਗ ਦੋ ਸਾਲ ਪਹਿਲਾਂ ਨੌਕਰੀ ਤੋਂ ਸੇਵਾਮੁਕਤ ਹੋਏ ਸਨ ਅਤੇ ਬੀਤੇ ਕੁਝ ਸਮੇਂ ਤੋਂ ਬੀਮਾਰ ਸਨ। ਜਦੋਂ 29 ਮਈ 2022 ਨੂੰ ਗਾਇਕ ਸਿੱਧੂ ਮੂਸੇਵਾਲਾ ਦੀ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ, ਉਸ ਵੇਲੇ ਅੰਗਰੇਜ ਸਿੰਘ ਮਾਨਸਾ ਸਿਟੀ-1 ਥਾਣੇ ਵਿੱਚ SHO ਵਜੋਂ ਡਿਊਟੀ ‘ਤੇ ਸਨ।
23 ਮਈ 2025 ਨੂੰ ਹੀ ਉਨ੍ਹਾਂ ਦੀ ਮਾਨਸਾ ਅਦਾਲਤ ਵਿੱਚ ਗਵਾਹੀ ਸੀ, ਜਿਸ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਹਾਜ਼ਰ ਹੋਣ ਲਈ ਕਿਹਾ ਸੀ। ਹਾਲਾਂਕਿ, ਪੇਸ਼ੀ ਵਾਲੇ ਦਿਨ ਦੀ ਰਾਤ ਨੂੰ ਹੀ ਉਨ੍ਹਾਂ ਦੀ ਮੌਤ ਹੋ ਗਈ।
SHO ਅੰਗਰੇਜ ਸਿੰਘ ਮਾਨਸਾ ਸ਼ਹਿਰ ਦੀ ਪ੍ਰੋਫੈਸਰ ਕਾਲੋਨੀ ਵਿੱਚ ਵਸਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਦੇ ਇੱਕ ਅਹਿਮ ਪੱਖ ਤੋਂ ਸਵਾਲ ਉਠ ਰਹੇ ਹਨ।