ਸੋਨਾਲੀ ਸਿੰਘ ਨਹੀਂ ਰਹੀ ਦਿਲਜੀਤ ਦੀ ਮੈਨੇਜਰ, Met Gala ‘ਚ ਵੀ ਰਹੀ ਗੈਰਹਾਜ਼ਰ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਜੋ ਹਾਲ ਹੀ ‘ਚ Met Gala 2025 ਵਿੱਚ ਆਪਣੀ ਦਿਲਕਸ਼ ਦਿੱਖ ਕਰਕੇ ਚਰਚਾ ‘ਚ ਰਹੇ, ਹੁਣ ਇੱਕ ਹੋਰ ਵਜ੍ਹਾ ਕਰਕੇ ਖਬਰਾਂ ‘ਚ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਦਿਲਜੀਤ ਨੇ ਆਪਣੀ ਲੰਬੇ ਸਮੇਂ ਦੀ ਮੈਨੇਜਰ ਸੋਨਾਲੀ ਸਿੰਘ ਨਾਲ ਪੇਸ਼ਾਵਰ ਰਿਸ਼ਤਾ ਖ਼ਤਮ ਕਰ ਦਿੱਤਾ ਹੈ।
ਸੂਤਰਾਂ ਦੇ ਮੁਤਾਬਕ, ਸੋਨਾਲੀ ਸਿੰਘ ਕਾਫੀ ਸਮੇਂ ਤੋਂ ਦਿਲਜੀਤ ਦੇ ਕਰੀਅਰ ਦਾ ਮੈਨੇਜਮੈਂਟ ਸੰਭਾਲ ਰਹੀ ਸੀ। ਦੋਹਾਂ ਦੀ ਜੋੜੀ ਨੂੰ ਅਕਸਰ ਵੱਖ-ਵੱਖ ਸਮਾਗਮਾਂ ਅਤੇ ਇਵੈਂਟਾਂ ‘ਤੇ ਇਕੱਠੇ ਦੇਖਿਆ ਜਾਂਦਾ ਸੀ। ਆਖਰੀ ਵਾਰ ਸੋਨਾਲੀ ਨੂੰ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਦਿਲਜੀਤ ਦੇ ਨਾਲ ਲਾਸ ਏਂਜਲਸ ਵਿੱਚ ਹਾਲੀਵੁੱਡ ਸਿਤਾਰੇ ਵਿਲ ਸਮਿਥ ਨਾਲ ਹੋਈ ਮੁਲਾਕਾਤ ਦੌਰਾਨ ਦੇਖਿਆ ਗਿਆ ਸੀ। ਉਸ ਤੋਂ ਬਾਅਦ, ਉਹ ਦਿਲਜੀਤ ਦੇ ਕਿਸੇ ਵੀ ਪ੍ਰੋਜੈਕਟ ਜਾਂ ਇਵੈਂਟ ‘ਚ ਸ਼ਾਮਿਲ ਨਹੀਂ ਹੋਈ।
ਇਸ ਸਬੰਧੀ ਹੋ ਰਹੀਆਂ ਚਰਚਾਵਾਂ ਵਿੱਚ ਦਿਲਚਸਪੀ ਤਦ ਹੋਰ ਵਧੀ ਜਦੋਂ Met Gala 2025 ਵਿੱਚ ਦਿਲਜੀਤ ਦੀ ਮੈਨੇਜਰ ਸੋਨਾਲੀ ਦੀ ਗੈਰਹਾਜ਼ਰੀ ਨੇ ਸਵਾਲ ਖੜੇ ਕਰ ਦਿੱਤੇ। ਵਿਅਕਤੀਗਤ ਹੈਂਡਲ ‘ਤੇ ਅਕਸਰ ਦਿਲਜੀਤ ਨਾਲ ਜੁੜੇ ਪੋਸਟਾਂ ਕਰਨ ਵਾਲੀ ਸੋਨਾਲੀ ਵਲੋਂ ਨਾ ਕੋਈ ਤਸਵੀਰ ਸ਼ੇਅਰ ਕੀਤੀ ਗਈ, ਨਾ ਹੀ ਕੋਈ ਅਧਿਕਾਰਕ ਬਿਆਨ ਆਇਆ। ਇਨ੍ਹਾਂ ਦਿਨਾਂ ਉਹ ਆਪਣੇ ਸੋਸ਼ਲ ਮੀਡੀਆ ‘ਤੇ ਸਿਰਫ਼ ਅਧਿਆਤਮਿਕਤਾ ਅਤੇ ਪਰਿਵਾਰਕ ਜੀਵਨ ਨਾਲ ਸੰਬੰਧਿਤ ਪੋਸਟਾਂ ਕਰ ਰਹੀ ਹੈ।
ਜਦੋਂ ਸੂਤਰਾਂ ਰਾਹੀਂ ਇਹ ਪੁੱਛਿਆ ਗਿਆ ਕਿ ਦਿਲਜੀਤ ਨੇ ਇਹ ਵੱਡਾ ਕਦਮ ਕਿਉਂ ਚੁਣਿਆ, ਤਾਂ ਇਹ ਸਾਹਮਣੇ ਆਇਆ ਕਿ ਉਨ੍ਹਾਂ ਨੂੰ ਆਪਣੇ ਮੈਨੇਜਮੈਂਟ ਵਿੱਚ ਕੁਝ ਗੜਬੜੀ ਅਤੇ ਗਲਤ ਪੇਸ਼ਕਾਰੀ ਦੀ ਜਾਣਕਾਰੀ ਮਿਲੀ ਸੀ। ਇਹ ਮਾਮਲਾ ਉਨ੍ਹਾਂ ਲਈ ਸੰਵੇਦਨਸ਼ੀਲ ਬਣ ਗਿਆ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਸੰਪਰਕ ਕਰਨ ‘ਤੇ ਸੋਨਾਲੀ ਸਿੰਘ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਕਾਰਦਿਆਂ ਕਿਹਾ, “ਇਹ ਪੂਰੀ ਤਰ੍ਹਾਂ ਝੂਠ ਹੈ।” ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਹੁਣ ਵੀ ਦਿਲਜੀਤ ਦੀ ਮੈਨੇਜਰ ਹਨ, ਤਾਂ ਉਨ੍ਹਾਂ ਜਵਾਬ ਦਿੱਤਾ, “ਉਹ ਮੇਰੇ ਪਰਿਵਾਰ ਵਾਂਗ ਹਨ ਅਤੇ ਹਮੇਸ਼ਾ ਰਹਿਣਗੇ।”
ਫਿਲਹਾਲ ਦਿਲਜੀਤ ਨੇ ਆਪਣੀ ਟੀਮ ਵਿੱਚ ਕਿਸੇ ਨਵੇਂ ਮੈਨੇਜਰ ਦੀ ਨਿਯੁਕਤੀ ਕਰ ਲਈ ਹੈ, ਜਦਕਿ ਸੋਨਾਲੀ ਦੀ ਭੂਮਿਕਾ ਤੇ ਸਥਿਤੀ ‘ਤੇ ਸਪੱਸ਼ਟਤਾ ਹਜੇ ਵੀ ਬਾਕੀ ਹੈ।