ਪੰਜਾਬ ‘ਚ 2 ASI, ਹੈੱਡ ਕਾਂਸਟੇਬਲ ਅਤੇ CIA ਇੰਚਾਰਜ ਖ਼ਿਲਾਫ਼ ਵੱਡੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰੀ
ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਹੇਠ ਅੱਜ ਫਗਵਾੜਾ ਪੁਲਿਸ ਨੇ ਆਪਣੀ ਹੀ ਸੀ.ਆਈ.ਏ. ਟੀਮ ਦੇ ਚਾਰ ਅਧਿਕਾਰੀਆਂ ਨੂੰ ਗੰਭੀਰ ਰਿਸ਼ਵਤਖੋਰੀ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਹੋਣ ਵਾਲਿਆਂ ਵਿੱਚ ਸੀ.ਆਈ.ਏ. ਇੰਚਾਰਜ ਐਸ.ਆਈ. ਬਿਸਮਨ ਸਾਹੀ, ਏ.ਐਸ.ਆਈ. ਜਸਵਿੰਦਰ ਸਿੰਘ, ਏ.ਐਸ.ਆਈ. ਨਿਰਮਲ ਸਿੰਘ ਅਤੇ ਹੈੱਡ ਕਾਂਸਟੇਬਲ ਜਗਰੂਪ ਸਿੰਘ ਸ਼ਾਮਲ ਹਨ।
ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਗੰਭੀਰ ਮਾਮਲਾ ਆਉਣ ‘ਤੇ ਤੁਰੰਤ ਕਾਰਵਾਈ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਹਾਲ ਹੀ ‘ਚ ਇੱਕ ਡਰੱਗ ਤਸਕਰ ਨੂੰ ਫੜ ਕੇ ਉਸ ਨੂੰ ਭੱਜਣ ਵਿੱਚ ਮਦਦ ਕੀਤੀ ਅਤੇ ਇਸ ਦੇ ਬਦਲੇ ਉਸ ਦੇ ਪਰਿਵਾਰ ਵੱਲੋਂ ਢਾਈ ਲੱਖ ਰੁਪਏ ਰਿਸ਼ਵਤ ਵਜੋਂ ਲਏ।
ਡੀਆਈਜੀ ਸਿੰਗਲਾ ਨੇ ਕਿਹਾ, “ਕਰੱਪਸ਼ਨ ਖ਼ਿਲਾਫ਼ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ। ਅਸੀਂ ਇਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਨਿਵਾਰਣ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।”
ਉਨ੍ਹਾਂ ਇਤਿਹਾਸਕ ਬਿਆਨ ਵਿੱਚ ਇਹ ਵੀ ਕਿਹਾ ਕਿ ਜੇਕਰ ਕਿਸੇ ਸੀਨੀਅਰ ਅਧਿਕਾਰੀ ਦੀ ਭੂਮਿਕਾ ਸਾਹਮਣੇ ਆਈ ਤਾਂ ਉਸਨੂੰ ਵੀ ਰਾਅਯਤ ਨਹੀਂ ਦਿੱਤੀ ਜਾਵੇਗੀ। ਕੋਈ ਵੀ ਬਲੈਕ ਸ਼ੀਪ ਹੋਵੇ, ਉਹ ਚਾਹੇ ਕਿਤੇ ਵੀ ਹੋਵੇ, ਉਸ ‘ਤੇ ਸਖ਼ਤ ਕਾਰਵਾਈ ਹੋਵੇਗੀ।