ਵਿਜੀਲੈਂਸ ਦੀ ਵੱਡੀ ਕਾਰਵਾਈ: BDPO 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਪੰਜਾਬ ਵਿਜੀਲੈਂਸ ਬਿਊਰੋ ਨੇ ਰਈਆ ਬਲਾਕ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (BDPO) ਕੁਲਵੰਤ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਪਿੰਡ ਸ਼ਾਹਪੁਰ ਦੀ ਸਾਬਕਾ ਸਰਪੰਚ ਹਰਜੀਤ ਕੌਰ ਦੀ ਸ਼ਿਕਾਇਤ ‘ਤੇ ਕੀਤੀ ਗਈ।
ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਫ਼ਸਰ ਨੇ ਸਰਪੰਚ ਵਿਰੁੱਧ ਜਾਲੀ ਜਾਂਚ ਦੇ ਨਾਂ ‘ਤੇ ਡਰਾ ਕੇ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਪਹਿਲੀ ਕਿਸ਼ਤ ਵਜੋਂ 40 ਹਜ਼ਾਰ ਰੁਪਏ BDPO ਦਫਤਰ ਵਿਚਲੇ ਇੱਕ ਪ੍ਰਾਈਵੇਟ ਕਮਰੇ ਵਿੱਚ ਦਿੱਤੇ ਜਾ ਰਹੇ ਸਨ, ਜਦੋਂ ਵਿਜੀਲੈਂਸ ਟੀਮ ਨੇ ਮੌਕੇ ‘ਤੇ ਛਾਪਾ ਮਾਰ ਕੇ ਉਸਨੂੰ ਰੰਗੇ ਹੱਥੀਂ ਫੜ ਲਿਆ।
ਸਰਪੰਚ ਦੇ ਪਤੀ ਮਲਕੀਤ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ 2019 ਤੋਂ 2024 ਤੱਕ ਪਿੰਡ ਸ਼ਾਹਪੁਰ ਦੀ ਸਰਪੰਚ ਰਹੀ। BDPO ਕੁਲਵੰਤ ਸਿੰਘ ਨੇ ਅਣਵਾਜ਼ਬ ਤੌਰ ‘ਤੇ ਪੈਸਿਆਂ ਦੀ ਮੰਗ ਕਰਕੇ ਉਨ੍ਹਾਂ ਨੂੰ ਤੰਗ ਕੀਤਾ। ਇਸ ਦੀ ਸ਼ਿਕਾਇਤ ਵਿਜੀਲੈਂਸ ਅਧਿਕਾਰੀਆਂ ਕੋਲ ਕੀਤੀ ਗਈ, ਜਿਸ ਤੋਂ ਬਾਅਦ ਇਹ ਕਾਰਵਾਈ ਹੋਈ।