ਪੰਜਾਬ ਵਿਚ ਬਿਜਲੀ ਸਪਲਾਈ ਲਈ ਜਾਰੀ ਹੋਈ ਚੇਤਾਵਨੀ, PSPCL ਨੇ ਦਿੱਤੀਆਂ ਨਵੀਆਂ ਸਲਾਹਾਂ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਵੱਲੋਂ ਬਿਜਲੀ ਉਪਭੋਗਤਾਵਾਂ ਲਈ ਇਕ ਸੁਨੇਹਾ ਜਾਰੀ ਕੀਤਾ ਗਿਆ ਹੈ। ਬਿਜਲੀ ਬੋਰਡ ਮਲੋਟ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਬਿਜਲੀ ਚਲੀ ਜਾਵੇ, ਤਾਂ ਆਪਣੇ ਘਰਾਂ ਅਤੇ ਦਫ਼ਤਰਾਂ ਵਿਚ ਉਪਯੋਗ ਕੀਤੇ ਜਾ ਰਹੇ ਉਪਕਰਨਾਂ ਜਿਵੇਂ ਮੋਟਰਾਂ, ਏ. ਸੀ., ਫ੍ਰਿੱਜ ਆਦਿ ਦੇ ਸਵਿੱਚ ਬੰਦ ਕਰ ਦਿੱਤੇ ਜਾਣ।
PSPCL ਅਨੁਸਾਰ, ਜਦੋਂ ਬਿਜਲੀ ਮੁੜ ਚਾਲੂ ਕੀਤੀ ਜਾਂਦੀ ਹੈ, ਤਾਂ ਉਪਕਰਨ ਸ਼ੁਰੂ ਹੋਣ ਵੇਲੇ ਆਮ ਲੋਡ ਨਾਲੋ 2.5 ਗੁਣਾ ਵੱਧ ਕਰੰਟ ਖਿੱਚਦੇ ਹਨ, ਜਿਸ ਕਾਰਨ ਟ੍ਰਾਂਸਫਾਰਮਰ ‘ਤੇ ਓਵਰਲੋਡ ਪੈਂਦਾ ਹੈ। ਇਸ ਨਾਲ:
-
ਫਿਊਜ਼ ਉੱਡ ਜਾਣ ਦੇ ਮਾਮਲੇ ਆਉਂਦੇ ਹਨ
-
ਕਈ ਵਾਰ ਬਿਜਲੀ ਦੀਆਂ ਤਾਰਾਂ ਵੀ ਟੁੱਟ ਜਾਂਦੀਆਂ ਹਨ
-
ਸਪਲਾਈ ਮੁੜ ਚਾਲੂ ਕਰਨ ਵਿੱਚ ਦੇਰੀ ਹੁੰਦੀ ਹੈ
ਵਿਭਾਗ ਨੇ ਸਲਾਹ ਦਿੱਤੀ ਹੈ ਕਿ ਜਦੋਂ ਬਿਜਲੀ ਆਵੇ, ਤਾਂ 2-3 ਮਿੰਟ ਉਡੀਕ ਕਰਨ ਉਪਰੰਤ ਉਪਕਰਨ ਚਾਲੂ ਕੀਤੇ ਜਾਣ। ਇਸ ਪ੍ਰਕਿਰਿਆ ਨਾਲ ਨਾਂ ਕੇਵਲ ਤਕਨੀਕੀ ਖਰਾਬੀਆਂ ਤੋਂ ਬਚਾਵ ਹੋਵੇਗਾ, ਸਗੋਂ ਬਿਜਲੀ ਸਪਲਾਈ ਵੀ ਬਿਨਾ ਰੁਕਾਵਟ ਤੇ ਸਥਿਰ ਢੰਗ ਨਾਲ ਜਾਰੀ ਰਹੇਗੀ।
PSPCL ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ:
“ਤੁਹਾਡਾ ਇਹ ਛੋਟਾ ਜਿਹਾ ਯਤਨ ਸਾਡੇ ਟਕਨੀਕੀ ਇੰਫਰਾਸਟਰੱਕਚਰ ਨੂੰ ਓਵਰਲੋਡ ਤੋਂ ਬਚਾ ਸਕਦਾ ਹੈ ਅਤੇ ਸਾਰੇ ਖੇਤਰ ਵਿਚ ਬਿਜਲੀ ਸੇਵਾ ਨੂੰ ਲਗਾਤਾਰ ਬਣਾਈ ਰੱਖ ਸਕਦਾ ਹੈ।”