ਕੋਰੋਨਾ ਦਾ ਖਤਰਾ ਫਿਰ ਵਧਿਆ, 31 ਮੌਤਾਂ, ਨਵੀਂ ਐਡਵਾਈਜ਼ਰੀ ਜਾਰੀ
ਸਿੰਗਾਪੁਰ, ਹਾਂਗਕਾਂਗ, ਚੀਨ ਅਤੇ ਥਾਈਲੈਂਡ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਫਿਰ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨੂੰ ਦੇਖਦੇ ਹੋਏ ਸਿਹਤ ਅਧਿਕਾਰੀਆਂ ਦੁਆਰਾ ਚੇਤਾਵਨੀ ਅਤੇ ਨਵੀਆਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਹਨ।
ਸਿੰਗਾਪੁਰ ‘ਚ 28% ਮਾਮਲਿਆਂ ਦਾ ਵਾਧਾ
ਸਿੰਗਾਪੁਰ ਵਿੱਚ 1 ਤੋਂ 19 ਮਈ ਤੱਕ ਕੋਵਿਡ-19 ਦੇ ਲਗਭਗ 3,000 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਅਪ੍ਰੈਲ ਦੇ ਅਖੀਰ ਤੱਕ ਇਹ ਗਿਣਤੀ 11,100 ਸੀ। ਨਵੇਂ ਮਾਮਲਿਆਂ ਵਿੱਚ 28 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਇੱਥੇ ਵਧ ਰਹੇ ਕੇਸਾਂ ਲਈ ਓਮੀਕ੍ਰੋਨ JN.1 ਸਟਰੇਨ ਦੇ ਦੋ ਨਵੇਂ ਵੇਰੀਐਂਟ — LF.7 ਅਤੇ NB.1.8 — ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਹਾਂਗਕਾਂਗ ‘ਚ 31 ਮੌਤਾਂ, ਸਾਵਧਾਨੀਆਂ ਦੀ ਅਪੀਲ
ਹਾਂਗਕਾਂਗ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 81 ਕੋਰੋਨਾ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਧ ਰਹੇ ਖ਼ਤਰੇ ਨੂੰ ਦੇਖਦਿਆਂ ਸਰਕਾਰ ਨੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਮਾਸਕ ਪਹਿਨਣ, ਸਮਾਜਿਕ ਦੂਰੀ ਬਰਕਰਾਰ ਰੱਖਣ, ਸੈਨੀਟਾਈਜ਼ਰ ਦੀ ਵਰਤੋਂ ਕਰਨ ਅਤੇ ਟੀਕਾਕਰਨ ਨੂੰ ਲੈ ਕੇ ਹੋਰ ਜਾਗਰੂਕ ਹੋਣ ਦੀ ਸਲਾਹ ਦਿੱਤੀ ਹੈ।
ਚੀਨ ਅਤੇ ਥਾਈਲੈਂਡ ‘ਚ ਵੀ ਅਲਰਟ
ਚੀਨ ਅਤੇ ਥਾਈਲੈਂਡ ਵਿੱਚ ਵੀ ਸਰਕਾਰਾਂ ਵੱਲੋਂ ਕੋਵਿਡ-19 ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਚੀਨ ਵਿੱਚ ਜਾਂਚ ਲਈ ਆ ਰਹੇ ਮਰੀਜ਼ਾਂ ਵਿੱਚ ਕੋਰੋਨਾ ਪਾਜ਼ਿਟਿਵ ਦੇ ਮਾਮਲੇ ਦੁੱਗਣੇ ਹੋ ਗਏ ਹਨ।
ਭਾਰਤ ਵਿੱਚ ਵੀ ਚਿੰਤਾ ਦੀ ਲਕੀਰ
ਭਾਰਤ ਵਿੱਚ ਹੁਣ ਤੱਕ ਕੋਵਿਡ-19 ਦੇ 93 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਸਥਿਤੀ ਨਿਯੰਤਰਣ ਵਿੱਚ ਹੈ, ਪਰ ਸਿਹਤ ਵਿਭਾਗ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਨਵਾਂ ਵੇਰੀਐਂਟ JN.1 – ਵਧੀਕ ਚੌਕਸੀ ਦੀ ਲੋੜ
ਇਹ ਮੌਜੂਦਾ ਵਾਧਾ ਮੁੱਖ ਤੌਰ ‘ਤੇ ਓਮੀਕ੍ਰੋਨ ਦੇ JN.1 ਸਟਰੇਨ ਅਤੇ ਇਸਦੇ ਨਵੇਂ ਵੇਰੀਐਂਟ LF.7 ਅਤੇ NB.1.8 ਕਰਕੇ ਹੋ ਰਿਹਾ ਹੈ। ਇਹ ਵੇਰੀਐਂਟ ਤੇਜ਼ੀ ਨਾਲ ਫੈਲ ਰਹੇ ਹਨ ਅਤੇ ਸਿੰਗਾਪੁਰ ਵਿੱਚ ਨਵੇਂ ਟੀਕਿਆਂ ਦੀ ਆਧੁਨਿਕਤਾ ਇਨ੍ਹਾਂ ‘ਤੇ ਆਧਾਰਤ ਹੈ, ਪਰ ਇਹ ਟੀਕੇ ਹਜੇ ਭਾਰਤ ਵਿੱਚ ਉਪਲਬਧ ਨਹੀਂ ਹਨ।
ਚੇਤਾਵਨੀ
ਸਿਹਤ ਅਧਿਕਾਰੀਆਂ ਨੇ ਆਗਾਹ ਕੀਤਾ ਹੈ ਕਿ ਜੇਕਰ ਸਾਵਧਾਨੀਆਂ ਨਾ ਵਰਤੀ ਗਈਆਂ ਤਾਂ ਇਹ ਮਹਾਂਮਾਰੀ ਦੁਬਾਰਾ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ, ਲੱਛਣ ਆਉਣ ‘ਤੇ ਜਾਂਚ ਕਰਵਾਉਣ ਅਤੇ ਸਿਹਤ ਸੇਵਾਵਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।