ਸ੍ਰੀ ਹਰਿਮੰਦਰ ਸਾਹਿਬ ‘ਚ ਏਅਰ ਡਿਫੈਂਸ ਗੰਨ ਲਗਾਉਣ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਨੇ ਫੌਜੀ ਦਾਵੇ ਨੂੰ ਕਰਾਰਾ ਜਵਾਬ ਦਿੱਤਾ
ਸ੍ਰੀ ਹਰਿਮੰਦਰ ਸਾਹਿਬ ‘ਚ ਏਅਰ ਡਿਫੈਂਸ ਗੰਨ ਲਗਾਉਣ ਅਤੇ ਇਸ ਲਈ ਹੈੱਡ ਗ੍ਰੰਥੀ ਦੀ ਇਜਾਜ਼ਤ ਮਿਲ਼ਣ ਬਾਰੇ ਭਾਰਤੀ ਫੌਜ ਦੇ ਦਾਅਵੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਅਤੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਗੰਭੀਰ ਇਤਰਾਜ਼ ਜਤਾਇਆ ਹੈ।
ਗਿਆਨੀ ਰਘਬੀਰ ਸਿੰਘ ਨੇ ਸਾਫ਼ ਕੀਤਾ ਕਿ ਉਨ੍ਹਾਂ ਨਾਲ ਭਾਰਤੀ ਫੌਜ ਵੱਲੋਂ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਹ 22 ਤਾਰੀਖ ਤੋਂ ਛੁੱਟੀ ‘ਤੇ ਸਨ ਅਤੇ 24 ਤਾਰੀਖ ਤੋਂ ਵਿਦੇਸ਼ ਦੌਰੇ ‘ਤੇ ਗਏ ਹੋਏ ਸਨ। “ਮੈਂ 14 ਮਈ ਨੂੰ ਵਾਪਸ ਆਇਆ ਹਾਂ ਅਤੇ ਮੇਰੀ ਗੈਰਹਾਜ਼ਰੀ ਦੌਰਾਨ ਹੀ ਇਹ ਪੂਰੀ ਘਟਨਾ ਵਾਪਰੀ,” ਉਨ੍ਹਾਂ ਕਿਹਾ।
ਉਨ੍ਹਾਂ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਦੇ ਇਸ ਬਿਆਨ ਨੂੰ ‘ਪੂਰੀ ਤਰ੍ਹਾਂ ਝੂਠ’ ਕਰਾਰ ਦਿੰਦਿਆਂ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਇਸ ਦੀ ਵਧੀਆ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਵੀ ਅਧਿਕਾਰੀ ਝੂਠੇ ਦਾਅਵੇ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ SGPC ਅਤੇ ਭਾਰਤ ਸਰਕਾਰ ਤੁਰੰਤ ਕਾਰਵਾਈ ਕਰੇ।
ਯਾਦ ਰਹੇ ਕਿ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਨੇ ਦਾਅਵਾ ਕੀਤਾ ਸੀ ਕਿ ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਪਾਕਿਸਤਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸੰਬੰਧੀ ਉਨ੍ਹਾਂ ਕਿਹਾ ਸੀ ਕਿ ਹੈੱਡ ਗ੍ਰੰਥੀ ਨੂੰ ਜਾਣਕਾਰੀ ਦੇ ਕੇ ਇਜਾਜ਼ਤ ਲਈ ਗਈ ਸੀ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਦੀਆਂ ਲਾਈਟਾਂ ਬੰਦ ਕੀਤੀਆਂ ਗਈਆਂ ਤਾਂ ਜੋ ਡਰੋਨਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾ ਸਕੇ।